ਬੀਤੇ ਕੁਝ ਦਿਨ ਪਹਿਲਾਂ ਹੁਸ਼ਿਆਰਪੁਰ ਪੁਲਿਸ ਨੇ ਇੱਕ ਸਕਾਰਪੀਓ ਗੱਡੀ ਬਾਰਮਦ ਕੀਤੀ ਸੀ। ਜਿਸ ਨੂੰ ਲੈਕੇ ਇਹ ਸ਼ੱਕ ਜਤਾਇਆ ਜਾ ਰਿਹਾ ਸੀ ਕਿ ਇਹ ਗੱਡੀ ਅੰਮ੍ਰਿਤਪਾਲ ਸਿੰਘ ਦੀ ਹੈ ਅਤੇ ਉਸਨੇ ਫਗਵਾੜਾ ਪਹੁੰਚਣ ਵਿਚ ਇਸਤੇਮਾਲ ਕੀਤਾ ਸੀ। ਪਰ ਹੁਣ ਖ਼ੁਲਾਸਾ ਹੋਇਆ ਹੈ ਕਿ ਇਸ ਗੱਡੀ ਦਾ ਸਬੰਧ ਇਕ ਧਾਰਮਿਕ ਸਥਾਨ ਨਾਲ ਹੈ । ਜੋ ਉੱਤਰ ਪ੍ਰਦੇਸ਼ ਦੇ ਪੀਲੀਭੀਤ ਦੇ ਬੜੇਪੁਰ ‘ਚ ਸਥਿਤ ਹੈ। ਇਹ ਸਕਾਰਪੀਓ ਗੱਡੀ ਪੀਲੀਭੀਤ ਦੇ ਬਡੇਪੁਰਾ ਗੁਰਦੁਆਰੇ ‘ਚ ਤਾਇਨਾਤ ਜਥੇਦਾਰ ਅਤੇ ਗੁਰੂਦੁਆਰੇ ਦੇ ਗ੍ਰੰਥੀ ਮਾਨ ਸਿੰਘ ਦੇ ਨਾਂ ਉਤੇ ਰਜਿਸਟਰਡ ਹੈ। ਇਸ ਬਾਰੇ ਗ੍ਰੰਥੀ ਮਾਨ ਸਿੰਘ ਨੇ ਪੁਲਿਸ ਕੋਲ ਆਪਣੇ ਬਿਆਨ ਦਰਜ ਕਰਵਾਏ ਹਨ। ਗ੍ਰੰਥੀ ਸਿੰਘ ਨੇ ਕਿਹਾ ਕਿ ਮੇਰੀ ਗੱਡੀ ਕਿਵੇਂ ਅੰਮ੍ਰਿਤਪਾਲ ਸਿੰਘ ਕੋਲ ਪੁੱਜੀ, ਉਨ੍ਹਾਂ ਨੂੰ ਨਹੀਂ ਪਤਾ ਹੈ। ਉਹਨਾਂ ਇਹ ਵੀ ਦੱਸਿਆ ਕਿ ਛੇ ਮਹੀਨੇ ਪਹਿਲਾਂ ਇੱਕ ਸੇਵਾਦਾਰ ਮੇਰੇ ਕੋਲੋਂ ਗੱਡੀ ਲੈ ਕੇ ਗਿਆ ਸੀ।
ਜਾਣਕਾਰੀ ਮੁਤਾਬਕ ਅੰਮ੍ਰਿਤਪਾਲ ਫਗਵਾੜਾ ਤੋਂ ਸਕਾਰਪੀਓ ਛੱਡ ਇਨੋਵਾ ਗੱਡੀ ‘ਚ ਫਰਾਰ ਹੋਇਆ ਸੀ। ਫਿਲਹਾਲ ਅਮ੍ਰਿਤਪਾਲ ਪੁਲਿਸ ਦੀ ਗ੍ਰਿਫਤ ‘ਚੋਂ ਬਾਹਰ ਹੈ। ਇਕ ਪਾਸੇ ਪੁਲਿਸ ਲਗਤਾਰ ਛਾਪੇਮਾਰੀ ਕਰ ਰਹੀ ਹੈ ਤੇ ਦੂਜੇ ਪਾਸੇ ਅੰਮ੍ਰਿਤਪਾਲ ਇਕ ਤੋਂ ਬਾਅਦ ਇਕ ਵੀਡੀਓ ਜਾਰੀ ਕਰ ਰਿਹਾ ਹੈ।
ਦੱਸ ਦਈਏ ਕਿ ਅੰਮ੍ਰਿਤਪਾਲ ਸਿੰਘ ਨੇ ਇੱਕ ਹੋਰ ਵੀਡੀਓ ਜਾਰੀ ਕੀਤੀ ਹੈ ਅਤੇ ਕਿਹਾ ਕਿ ਜਲਦੀ ਹੀ ਸੰਸਾਰ ਦੇ ਸਾਹਮਣੇ ਆਵਾਂਗਾ। ਇਸ ਤੋਂ ਪਹਿਲਾਂ ਅੰਮ੍ਰਿਤਪਾਲ ਸਿੰਘ ਦੀ ਇਕ ਹੋਰ ਕਥਿਤ ਆਡੀਓ ਸਾਹਮਣੇ ਆਈ ਹੈ। ਜਿਸ ਵਿਚ ਉਸ ਨੇ ਜਾਰੀ ਆਪਣੀ ਵੀਡੀਓ ਉਤੇ ਸਵਾਲ ਚੁੱਕਣ ਵਾਲਿਆਂ ਨੂੰ ਜਵਾਬ ਦਿੱਤਾ ਹੈ। ਨਾਲ ਹੀ ਅੰਮ੍ਰਿਤਪਾਲ ਸਿੰਘ ਨੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਸਰਬੱਤ ਖਾਲਸਾ ਬੁਲਾਕੇ ਜਥੇਦਾਰ ਹੋਣ ਦਾ ਸਬੂਤ ਪੇਸ਼ ਕਰਨ ਦੀ ਚੁਣੌਤੀ ਵੀ ਦਿੱਤੀ ਹੈ।
