ਅਫ਼ਗਾਨਿਸਤਾਨ ਦੇ ਹੇਰਾਤ ਪ੍ਰਾਂਤ ਦੇ ਗੁਜ਼ਰਗਾਹ ਸ਼ਹਿਰ ਦੀ ਮਸਜਿਦ ‘ਚ ਜ਼ੁੰਮੇ (ਸ਼ੁੱਕਰਵਾਰ) ਦੀ ਨਮਾਜ਼ ਦੌਰਾਨ ਦੋ ਜ਼ਬਰਦਸਤ ਧਮਾਕੇ ਹੋਏ | ਇਨ੍ਹਾਂ ਧਮਾਕਿਆਂ ‘ਚ ਮਸਜਿਦ ਦੇ ਮੁੱਖ ਇਮਾਮ ਮੁਜੀਬ ਰਹਿਮਾਨ ਅੰਸਾਰੀ ਸਮੇਤ 21 ਲੋਕਾਂ ਦੀ ਮੌਤ ਹੋ ਗਈ ਅਤੇ ਲਗਪਗ 23 ਹੋਰ ਜ਼ਖ਼ਮੀ ਹੋ ਗਏ | ਦੱਸਿਆ ਜਾ ਰਿਹਾ ਹੈ ਕਿ ਮੁੱਲਾ ਅੰਸਾਰੀ ਤਾਲਿਬਾਨ ਦੇ ਸਭ ਤੋਂ ਵੱਡੇ ਧਾਰਮਿਕ ਨੇਤਾਵਾਂ ‘ਚੋਂ ਇਕ ਸਨ ਅਤੇ ਖ਼ਾਸ ਤੌਰ ‘ਤੇ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਲਈ ਹੀ ਇਹ ਧਮਾਕੇ ਕੀਤੇ ਗਏ | ਪ੍ਰਾਪਤ ਵੇਰਵਿਆਂ ਅਨੁਸਾਰ ਮਸਜਿਦ ‘ਚ ਪਹਿਲਾ ਧਮਾਕਾ ਇਮਾਮ ਅੰਸਾਰੀ ਦੇ ਸਾਹਮਣੇ ਵਾਲੀ ਕਤਾਰ ‘ਚ ਹੋਇਆ, ਜਦਕਿ ਦੂਜਾ ਧਮਾਕਾ ਉਸ ਸਮੇਂ ਹੋਇਆ ਜਦੋਂ ਲੋਕ ਬਾਹਰ ਵੱਲ ਭੱਜ ਰਹੇ ਸਨ | ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮੁੱਲਾ ਇਮਾਮ ਅੰਸਾਰੀ ਕੁਝ ਘੰਟੇ ਪਹਿਲਾਂ ਹੀ ਹੇਰਾਤ ‘ਚ ਇਕ ਆਰਥਿਕ ਕਾਨਫ਼ਰੰਸ ‘ਚ ਸ਼ਾਮਿਲ ਹੋਣ ਤੋਂ ਬਾਅਦ ਸਿੱਧਾ ਮਸਜਿਦ ਪਹੁੰਚੇ ਸਨ | ਮੀਡੀਆ ਰਿਪੋਰਟਾਂ ਮੁਤਾਬਿਕ ਤਾਲਿਬਾਨ ਦੇ ਸਭ ਤੋਂ ਬੇਰਹਿਮ ਨੇਤਾਵਾਂ ‘ਚ ਸ਼ਾਮਿਲ ਇਮਾਮ ਅੰਸਾਰੀ ਲੜਕੀਆਂ ਦੀ ਪੜ੍ਹਾਈ ਅਤੇ ਉਨ੍ਹਾਂ ਦੇ ਘਰੋਂ ਇਕੱਲਿਆਂ ਨਿਕਲਣ ਦੇ ਸਖ਼ਤ ਵਿਰੋਧੀ ਸਨ | ਇਹ ਵੀ ਜਾਣਕਾਰੀ ਮਿਲੀ ਹੈ ਕਿ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਫ਼ਤਵਾ ਜਾਰੀ ਕਰਕੇ ਕਿਹਾ ਸੀ ਕਿ ਜੇਕਰ ਕੋਈ ਤਾਲਿਬਾਨ ਸ਼ਾਸਨ ਦਾ ਵਿਰੋਧ ਕਰਦਾ ਹੈ ਜਾਂ ਹੁਕਮਾਂ ਦੀ ਪਾਲਣਾ ਨਹੀਂ ਕਰਦਾ ਹੈ ਤਾਂ ਉਸ ਦਾ ਸਿਰ ਵੱਢ ਦਿੱਤਾ ਜਾਵੇਗਾ | ਹਾਲਾਂਕਿ, ਇਸ ਫ਼ਤਵੇ ਨੂੰ ਤਾਲਿਬਾਨ ਦੇ ਬੁਲਾਰੇ ਜ਼ਬੀਉੱਲਾ ਮੁਜਾਹਿਦ ਨੇ ਇਮਾਮ ਦੀ ਨਿੱਜੀ ਰਾਏ ਦੱਸਦਿਆਂ ਰੱਦ ਕਰ ਦਿੱਤਾ ਸੀ | ਧਮਾਕੇ ਦੀ ਅਜੇ ਤੱਕ ਕਿਸੇ ਸੰਗਠਨ ਨੇ ਜ਼ਿੰਮੇਵਾਰੀ ਨਹੀਂ ਲਈ ਹੈ | ਹਾਲਾਂਕਿ, ਆਤਮਘਾਤੀ ਹਮਲੇ ਪਿੱਛੇ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਖੁਰਾਸਾਨ ਪ੍ਰਾਂਤ (ਆਈ. ਐੱਸ. ਕੇ.ਪੀ.) ਦਾ ਹੱਥ ਹੋਣ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ |
