ਲੁਧਿਆਣਾ ਵਿੱਚ ਦੋ ਅਣਪਛਾਤੇ ਹਮਲਾਵਰਾਂ ਵੱਲੋਂ ਮਾਛੀਵਾੜਾ ਕਾਂਗਰਸ ਦੇ ਬਲਾਕ ਪ੍ਰਧਾਨ ਪਰਮਿੰਦਰ ਤਿਵਾਰੀ ਦਾ ਕੁਹਾੜੀ ਮਾਰ ਕੇ ਨਾਲ ਕਤਲ ਕਰ ਦਿੱਤਾ ਗਿਆ ਹੈ।
ਇਸ ਪੂਰੇ ਮਾਮਲੇ ਉੱਤੇ ਥਾਣਾ ਕੂਮ ਕਲਾਂ ਦੇ ਐੱਸ ਐੱਚ ਓ ਪਰਮਦੀਪ ਸਿੰਘ ਨੇ ਜਾਣਕਾਰੀ ਦਿੱਤੀ ਕਿ ਦੋ ਅਣਪਛਾਤੇ ਹਮਲਾਵਰ ਮੋਟਰਸਾਈਕਲ ‘ਤੇ ਆਏ ਅਤੇ ਐਤਵਾਰ ਸ਼ਾਮ ਨੂੰ ਤਿਵਾਰੀ ‘ਤੇ ਉਸ ਸਮੇਂ ਹਮਲਾ ਕਰ ਦਿੱਤਾ ਜਦੋਂ ਉਹ ਕੁਰਸੀ ‘ਤੇ ਬੈਠਿਆ ਸੀ। ਉਸ ਦੇ ਸਿਰ ‘ਤੇ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੇ ਦਮ ਤੋੜ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੁਲਜ਼ਮਾਂ ਨੂੰ ਫੜਨ ਲਈ ਯਤਨ ਜਾਰੀ ਹਨ। ਹੱਤਿਆ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
ਰਾਜਾ ਵੜਿੰਗ ਨੇ ਐਕਸ ਉੱਤੇ ਪੋਸਟ ਵਿੱਚ ਕਿਹਾ, ”ਮਾਛੀਵਾੜਾ ਸਾਹਿਬ ਤੋਂ ਸਾਡੇ ਬਲਾਕ ਪ੍ਰਧਾਨ ਪਰਮਿੰਦਰ ਤਿਵਾਰੀ ਜੀ ਦੇ ਦਿਨ-ਦਿਹਾੜੇ ਹੋਏ ਕਤਲ ਬਾਰੇ ਸੁਣ ਕੇ ਬਹੁਤ ਦੁੱਖ ਲੱਗਿਆ ਹੈ। ਉਹ ਪੰਜਾਬ ਕਾਂਗਰਸ ਪਰਿਵਾਰ ਦੇ ਬਹੁਤ ਮਿਹਨਤੀ ਅਤੇ ਅਨਖਿੱੜਵਾਂ ਅੰਗ ਸਨ, ਜਿਨ੍ਹਾਂ ਦੀ ਕਮੀ ਹਮੇਸ਼ਾ ਮਹਿਸੂਸ ਹੋਵੇਗੀ। ਦੁੱਖ ਦੀ ਇਸ ਘੜੀ ਵਿੱਚ ਮੇਰੀਆਂ ਦਿਲੋਂ ਸੰਵੇਦਨਾਵਾਂ ਉਨ੍ਹਾਂ ਦੇ ਪਰਿਵਾਰ ਨਾਲ ਹਨ।”
ਉਨ੍ਹਾਂ ਕਿਹਾ, “ਪੰਜਾਬ ਦੀ ਕਾਨੂੰਨ ਵਿਵਸਥਾ ਲਗਾਤਾਰ ਵਿਗੜ ਰਹੀ ਹੈ ਫਿਰ ਵੀ ਪੰਜਾਬ ਦੀ ‘ਆਪ’ ਸਰਕਾਰ ਹੱਥ ‘ਤੇ ਹੱਥ ਧਰ ਕੇ ਬੈਠੀ ਹੈ।”
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ, ‘ਮਾਛੀਵਾੜਾ ਸਾਹਿਬ ਵਿੱਚ ਸਾਡੇ ਬਲਾਕ ਪ੍ਰਧਾਨ ਪਰਮਿੰਦਰ ਤਿਵਾਰੀ ਜੀ ਦਾ ਦਿਨ-ਦਿਹਾੜੇ ਹੋਇਆ ਕਤਲ ਸਿਰਫ਼ ਇੱਕ ਕਤਲ ਨਹੀਂ ਹੈ, ਸਗੋਂ ਇਹ ਸਬੂਤ ਹੈ ਕਿ ਪੰਜਾਬ ਵਿੱਚ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਰਹੀ।’
ਬਾਜਵਾ ਨੇ ਐਕਸ ‘ਤੇ ਇੱਕ ਪੋਸਟ ਵਿੱਚ ਕਿਹਾ, ‘ਇੱਕ ਸੱਚੇ ਕਾਂਗਰਸੀ ਵਰਕਰ, ਜਿਸ ਨੇ ਆਪਣੀ ਪੂਰੀ ਜ਼ਿੰਦਗੀ ਲੋਕਾਂ ਦੀ ਸੇਵਾ ਵਿੱਚ ਲਗਾ ਦਿੱਤੀ, ਉਸ ਦਾ ਕਤਲ ਕਰ ਦਿੱਤਾ ਗਿਆ ਪਰ ਭਗਵੰਤ ਮਾਨ ਸਰਕਾਰ ਨੇ ਇਸ ‘ਤੇ ਚੁੱਪ ਵੱਟੀ ਹੋਈ ਹੈ ਜੋ ਕਿ ਬਹੁਤ ਸ਼ਰਮਨਾਕ ਹੈ। ਮੇਰੀ ਪੂਰੀ ਹਮਦਰਦੀ ਉਸ ਪਰਿਵਾਰ ਨਾਲ ਹੈ, ਜਿਸ ਨੇ ਆਪਣੇ ਬਹੁਤ ਹੀ ਪਿਆਰੇ ਜੀਅ ਨੂੰ ਗੁਆ ਦਿੱਤਾ ਹੈ।’
