ਪਿਛਲੇ ਸ਼ਨਿੱਚਰਵਾਰ ਨੂੰ ਅਲਬਰਟਾ ਦੇ ਰੌਕੀ ਪਹਾੜਾਂ ਵੱਲ ਜਾ ਰਹੇ ਬਰਿੰਦਰ ਸਿੰਘ ਨਾਮਕ ਨੌਜਵਾਨ ਉੱਤੇ ਨੇੜਿਓਂ ਲੰਘ ਰਹੇ ਪਿਕਅੱਪ ਟਰੱਕ ਤੋਂ ਚਲਾਈਆਂ ਗਈਆਂ ਗੋਲੀਆਂ ਦੌਰਾਨ ਉਸ ਦੀ ਮੌਤ ਹੋ ਗਈ। ਗੋਲੀਬਾਰੀ ਦੀ ਘਟਨਾ ਐਡਮੰਟਨ ਦੇ ਬਿਲਕੁਲ ਦੱਖਣ ਵਿੱਚ ਲੇਡੁਕ ਕੋਲ ਵਾਪਰੀ।
ਰੌਇਲ ਕੈਨੇਡੀਅਨ ਮਾਊਂਟਿਡ ਪੁਲੀਸ ਮੁਤਾਬਕ ਇੱਕ ਸਲੇਟੀ ਰੰਗ ਦਾ ਪਿਕਅੱਪ ਟਰੱਕ ਉਸ ਹੌਂਡਾ ਸਿਵਿਕ ਕਾਰ ਨੇੜੇ ਆਇਆ ਜਿਸ ਨੂੰ ਬਰਿੰਦਰ ਚਲਾ ਰਿਹਾ ਸੀ। ਸ਼ੱਕੀ ਵਾਹਨ ਦੀ ਪਛਾਣ ਫੋਰਡ ਐਫ-150 ਵਜੋਂ ਹੋਈ ਹੈ ਪਰ ਪੁਲੀਸ ਦੇ ਹੱਥ ਅਜੇ ਖਾਲੀ ਹਨ।
ਘਟਨਾ ਸਮੇਂ ਕਾਰ ਵਿੱਚ ਸਵਾਰ ਬਰਿੰਦਰ ਦੇ ਦੋਸਤ ਨੇ ਸੁਰੱਖਿਆ ਕਾਰਨਾਂ ਕਰਕੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਉੱਤੇ ਦੱਸਿਆ ਕਿ ਇਸ ਹਮਲੇ ਨੇ ਉਸ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਉਹ ਡਰਿਆ ਹੋਇਆ ਹੈ। ਉਸ ਨੇ ਸੀਬੀਸੀ ਨਿਊਜ਼ ਨੂੰ ਦੱਸਿਆ, ‘ਅਸੀਂ ਇਸ ਸਮੇਂ ਸੱਚਮੁੱਚ ਅਸੁਰੱਖਿਅਤ ਮਹਿਸੂਸ ਕਰ ਰਹੇ ਹਾਂ। ਹਰ ਵਾਰ ਜਦੋਂ ਅਸੀਂ ਬਾਹਰ ਜਾਂਦੇ ਹਾਂ, ਅਸੀਂ ਵਾਰ-ਵਾਰ ਸ਼ੀਸ਼ਿਆਂ ਵੱਲ ਵੇਖਦੇ ਹਾਂ। ਅਸੀਂ ਭਾਰਤ ਵਿੱਚ ਸੁਣਦੇ ਸੀ ਕਿ ਕੈਨੇਡਾ ਬਹੁਤ ਸੁਰੱਖਿਅਤ ਹੈ, ਪਰ ਹੁਣ ਅਜਿਹਾ ਮਹਿਸੂਸ ਨਹੀਂ ਹੁੰਦਾ।’
ਬਰਿੰਦਰ ਤਿੰਨ ਸਾਲ ਪਹਿਲਾਂ ਪੜਾਈ ਲਈ ਭਾਰਤ ਤੋਂ ਕੈਨੇਡਾ ਆਇਆ ਸੀ। ਓਨਟਾਰੀਓ ਵਿੱਚ ਬਿਜ਼ਨਸ ਦੀ ਡਿਗਰੀ ਪੂਰੀ ਕਰਨ ਤੋਂ ਬਾਅਦ ਉਹ ਕੁਝ ਮਹੀਨੇ ਪਹਿਲਾਂ ਅਲਬਰਟਾ ਚਲਾ ਗਿਆ ਸੀ, ਜਿੱਥੇ ਉਹ ਉਸਾਰੀ ਦੇ ਕੰਮ ਵਿੱਚ ਨੌਕਰੀ ਕਰਦਾ ਸੀ। ਗੋਲੀਬਾਰੀ ਵਾਲੇ ਦਿਨ ਬਰਿੰਦਰ ਅਤੇ ਉਸ ਦੇ ਬਚਪਨ ਦੇ ਦੋ ਦੋਸਤ ਜੋ ਉਸ ਨੂੰ 15 ਸਾਲਾਂ ਤੋਂ ਵੱਧ ਸਮੇਂ ਤੋਂ ਜਾਣਦੇ ਸਨ, ਛੁੱਟੀ ਵਾਲੇ ਦਿਨ ਘੁੰਮਣ- ਫਿਰਨ ਲਈ ਇਕੱਠੇ ਬੈਨਫ ਜਾ ਰਹੇ ਸਨ। ਦੋਸਤ ਅਨੁਸਾਰ ਇਹ ਵਿਵਾਦ ਉਦੋਂ ਸ਼ੁਰੂ ਹੋਇਆ, ਜਦੋਂ ਪਿਕਅੱਪ ਟਰੱਕ ਵਿੱਚ ਸਵਾਰ ਦੋ ਵਿਅਕਤੀਆਂ ਨੇ ਉਨ੍ਹਾਂ ਵੱਲ ਇਸ਼ਾਰਾ ਕੀਤਾ। ਉਨ੍ਹਾਂ ਨੂੰ ਲੱਗਿਆ ਕਿ ਇਹ ਸਿਰਫ ਇੱਕ ਦੋਸਤਾਨਾ ਇਸ਼ਾਰਾ ਸੀ, ਇਸ ਲਈ ਅਸੀਂ ਸਾਰਿਆਂ ਵੀ ਹੱਥ ਹਿਲਾ ਦਿੱਤਾ। ਕੁਝ ਪਲਾਂ ਬਾਅਦ ਟਰੱਕ ਨੇ ਰਫ਼ਤਾਰ ਵਧਾਈ, ਫਿਰ ਦੁਬਾਰਾ ਉਨ੍ਹਾਂ ਦੇ ਬਰਾਬਰ ਆ ਕੇ ਹੌਲੀ ਹੋ ਗਿਆ। ਟਰੱਕ ਵਿਚੋਂ ਇੱਕ ਗੋਲੀ ਚਲਾਈ ਗਈ ਜੋ ਗੱਡੀ ਚਲਾ ਰਹੇ ਬਰਿੰਦਰ ਦੀ ਗਰਦਨ ‘ਤੇ ਲੱਗੀ। ਉਸ ਨੇ ਜ਼ਖਮੀ ਹਾਲਤ ਵਿੱਚ ਗੱਡੀ ਸਾਈਡ ਉੱਤੇ ਤਾਂ ਲਗਾਈ ਪਰ ਮੌਕੇ ‘ਤੇ ਹੀ ਦਮ ਤੋੜ ਦਿੱਤਾ। ਉਸ ਦੇ ਦੋਸਤ ਨੇ ਕਿਹਾ, ‘ਉਹ ਮੇਰੀਆਂ ਬਾਹਾਂ ਵਿੱਚ ਮਰ ਗਿਆ।’
ਘਟਨਾ ਦੀ ਜਾਂਚ ਕਰ ਰਹੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਹੱਤਿਆ ਦੇ ਪਿੱਛੇ ਦਾ ਮਕਸਦ ਅਜੇ ਵੀ ਸਾਫ ਨਹੀਂ ਹੈ ਅਤੇ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਜੋ ਇਸ ਗੱਲ ਦੀ ਪੁਸ਼ਟੀ ਕਰਦਾ ਹੋਵੇ ਕਿ ਇਹ ਹਮਲਾ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ। ਹਾਲਾਂਕਿ ਨਫ਼ਰਤ ਤੋਂ ਪ੍ਰੇਰਿਤ ਅਪਰਾਧ ਸਮੇਤ ਸਾਰੀਆਂ ਸੰਭਾਵਨਾਵਾਂ ਦੀ ਜਾਂਚ ਕੀਤੀ ਜਾ ਰਹੀ ਹੈ। ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ ਕੈਨੇਡਾ ਨੇ ਅਧਿਕਾਰੀਆਂ ਨੂੰ ਇਸ ਹੱਤਿਆ ਦੀ ਸੰਭਾਵਿਤ ਨਫ਼ਰਤੀ ਅਪਰਾਧ ਵਜੋਂ ਜਾਂਚ ਕਰਨ ਦੀ ਅਪੀਲ ਕੀਤੀ ਹੈ। ਮ੍ਰਿਤਕ ਦੇ ਦੋਸਤ ਨੂੰ ਵੀ ਵਿਤਕਰੇ ਦੀ ਸੰਭਾਵਨਾ ਦਾ ਸ਼ੱਕ ਹੈ ਕਿਉਂਕਿ ਉਨ੍ਹਾਂ ਦਾ ਕਿਸੇ ਨਾਲ ਕੋਈ ਪੁਰਾਣਾ ਝਗੜਾ ਨਹੀਂ ਸੀ। ਬਰਿੰਦਰ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜਿਸ ਦੀ ਮ੍ਰਿਤਕ ਦੇਹ ਨੂੰ ਹੁਣ ਭਾਰਤ ਵਾਪਸ ਭੇਜਣ ਲਈ ਪ੍ਰਬੰਧ ਕੀਤੇ ਜਾ ਰਹੇ ਹਨ।
