ਜਲਾਲਾਬਾਦ / ਫ਼ਾਜ਼ਿਲਕਾ 28 ਜੂਨ , ਕੈਨੇਡਾ ਵਿੱਚ ਟੋਰਾਂਟੋ ਨੇੜੇ ਵਾਪਰੀ ਇਕ ਦੁਖਦਾਈ ਦੁਰਘਟਨਾ ਵਿੱਚ ਦੋ ਅੰਤਰਰਾਸ਼ਟਰੀ ਵਿਦਿਆਰਥੀ ਪੰਜਾਬੀ ਨੌਜਵਾਨਾਂ ਦੇ ਡੁੱਬਣ ਨਾਲ ਮੌਤ ਹੋ ਗਈ ।
ਪੋਰਟ ਸਿਡਨੀ ਫਾਲ ਟੋਰਾਂਟੋ ਵਿੱਚ ਤਿੰਨ ਨੌਜਵਾਨ ਤੈਰਨ ਲਈ ਉਤਰੇ ਸੀ ।
ਜਿਨ੍ਹਾਂ ਵਿਚੋਂ ਇਕ ਬਾਹਰ ਨਿਕਲਣ ਵਿਚ ਕਾਮਯਾਬ ਰਿਹਾ ਜਦ ਕਿ ਦੋ ਨੌਜਵਾਨ ਡੁੱਬਣ ਨਾਲ ਮਾਰੇ ਗਏ । ਮ੍ਰਿਤਕਾਂ ਵਿੱਚ ਪਹਿਲਾ ਨੌਜਵਾਨ ਵਿਧਾਨ ਸਭਾ ਹਲਕਾ ਗੁਰੂਹਰਸਹਾਏ ਦੇ ਪਿੰਡ ਅਮੀਰ ਖਾਸ ਨਿਵਾਸੀ ਬਲਦੇਵ ਰਾਜ ਕੰਬੋਜ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਫਿਰੋਜ਼ਪੁਰ ਦਾ ਪੁੱਤਰ ਸਾਹਿਲ ਹਾਂਡਾ ਸੀ ।
ਦੂਜਾ ਨੌਜਵਾਨ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ ਹੈ ।
ਸਾਹਿਲ ਹਾਂਡਾ ਪਿਛਲੇ ਪੰਜ ਸਾਲਾਂ ਤੋਂ ਕੈਨੇਡਾ ਵਿੱਚ ਰਹਿ ਰਿਹਾ ਸੀ ਅਤੇ ਪਿਛਲੇ ਦਿਨੀਂ ਹੀ ਉਸ ਨੂੰ ਪੀ ਆਰ ਮਿਲੀ ਹੇ ।
ਇਹ ਨੌਜਵਾਨ ਵਿੰਡਸਰ ਵਿਖੇ ਰਹਿ ਰਹੇ ਸੀ ਅਤੇ ਇਕ ਫੰਕਸ਼ਨ ਵਿਚ ਸ਼ਾਮਲ ਹੋਣ ਤੋਂ ਪਰਤਦਿਆਂ ਪੋਰਟ ਸਿਡਨੀ ਫਾਲ ਟੋਰਾਂਟੋ ਵਿਖੇ ਇਹ ਹਾਦਸਾ ਵਾਪਰਿਆ ।
ਪ੍ਰਾਪਤ ਸੁਚਨਾ ਅਨੁਸਾਰ ਲੁਧਿਆਣਾ ਨਿਵਾਸੀ ਨੌਜਵਾਨ ਦੀ ਲਾਸ਼ ਤਾਂ ਕਰੀਬ ਤਿੰਨ ਘੰਟੇ ਬਾਅਦ ਮਿਲੀ ਜਦਕਿ ਸਾਹਿਲ ਹਾਂਡਾ ਨੂੰ ਹੈਲੀਕਾਪਟਰ ਐਂਬੂਲੈਂਸ ਰਾਹੀਂ ਓਰੀਆ ਸੌਲਿਟੇਅਰ ਮੈਮੋਰੀਅਲ ਹੌਸਪੀਟਲ ਟੋਰਾਂਟੋ ਵਿਖੇ ਲਿਜਾਇਆ ਗਿਆ ।
ਇੱਥੇ ਡਾਕਟਰਾਂ ਦੀ ਟੀਮ ਵੱਲੋਂ ਇਸ ਨੌਜਵਾਨ ਦੀ ਜਾਨ ਬਚਾਉਣ ਦੇ ਲਈ ਬਹੁਤ ਕੋਸ਼ਿਸ਼ ਕੀਤੀ ਪਰ ਜਾਨ ਬਚਾਈ ਨਹੀਂ ਜਾ ਸਕੀ ।
ਦੱਸਣਯੋਗ ਹੈ ਕਿ ਬਲਦੇਵ ਰਾਜ ਕੰਬੋਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਵਿੱਚ ਸ਼ੁਮਾਰ ਹਨ ਅਤੇ ਉਨ੍ਹਾਂ ਜ਼ਿਲ੍ਹਾ ਪ੍ਰੀਸ਼ਦ ਫ਼ਿਰੋਜ਼ਪੁਰ ਦੇ ਚੇਅਰਮੈਨ ਵਜੋਂ ਕੰਮ ਕੀਤਾ ਹੈ ।
ਇਸ ਦੌਰਾਨ ਬਲਦੇਵ ਰਾਜ ਕੰਬੋਜ ਦੀ ਬੇਟੀ ਨੂੰ ਵੀ ਕੈਨੇਡਾ ਦੀ ਪੀ ਆਰ ਮਿਲੀ ਹੈ ।
ਇਸ ਲੜਕੀ ਨੇ ਅਜੇ ਕੈਨੇਡਾ ਜਾਣਾ ਸੀ ਅਤੇ ਮ੍ਰਿਤਕ ਦੇ ਛੋਟੇ ਭਰਾ ਵੱਲੋਂ ਏ ਕੈਨੇਡਾ ਵਿੱਚ ਪਰਵਾਸ ਕਰਨ ਦੀ ਪ੍ਰਕਿਰਿਆ ਅਰੰਭੀ ਹੋਈ ਸੀ ।
