ਕੇਂਦਰੀ ਵਾਤਾਵਰਣ ਮੰਤਰੀ ਭੁਪਿੰਦਰ ਯਾਦਵ ਨੇ ਪੰਜਾਬ ਵਿੱਚ ਹਵਾ ਦੀ ਕੁਆਇਲਟੀ ਅਤੇ ਪੰਜਾਬ ਸਰਕਾਰ ਵੱਲੋਂ ਪਰਾਲੀ ਦੀ ਸਮੱਸਿਆ ਨਾਲ ਨਿੱਜਠਣ ਲਈ ਕੀਤੇ ਪ੍ਰਬੰਧਾਂ ਉਪਰ “ਚਿੰਤਾ ਅਤੇ ਅਸੰਤੁਸ਼ਟੀ” ਪ੍ਰਗਟ ਕੀਤੀ ਹੈ।
ਖ਼ਬਰ ਏਜੰਸੀ ਪੀਟੀਆਈ ਮੁਤਾਬਕ ਕੇਂਦਰੀ ਮੰਤਰੀ ਦਾ ਇਹ ਬਿਆਨ ਸ਼ੁੱਕਰਵਾਰ ਨੂੰ ਇੱਕ ਸਮੀਖਿਆ ਮੀਟਿੰਗ ਵਿੱਚ ਤੋਂ ਬਾਅਦ ਆਇਆ ਹੈ। ਇਸ ਬਿਆਨ ਵਿੱਚ ਉਹਨਾਂ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਸੂਬੇ ਵਿੱਚ ਲਗਭਗ 5.75 ਮਿਲੀਅਨ ਟਨ ਪਰਾਲੀ ਦੇ ਪ੍ਰਬੰਧਾਂ ਲਈ “ਉੱਚਿਤ” ਯੋਜਨਾ ਨਹੀਂ ਬਣਾਈ ਹੈ।
ਯਾਦਵ ਨੇ ਕਿਹਾ ਹੈ ਕਿ ਇਸ ਦਾ ਦਿੱਲੀ ਅਤੇ ਐੱਨਸੀਆਰ ਵਿੱਚ ਹਵਾ ਦੀ ਗੁਣਵੱਤਾ ਉਪਰ “ਮਾੜਾ ਪ੍ਰਭਾਵ” ਪੈ ਸਕਦਾ ਹੈ।
ਮੀਟਿੰਗ ਤੋਂ ਬਾਅਦ ਮੰਤਰਾਲੇ ਨੇ ਪੰਜਾਬ ਅਤੇ ਐਨਸੀਆਰ ਦੀਆਂ ਸਰਕਾਰਾਂ ਨੂੰ ਝੋਨੇ ਦੀ ਪਰਾਲੀ ਸਾੜਨ ਦੇ ਪ੍ਰਬੰਧਾਂ ਲਈ ਤਿਆਰ ਕੀਤੀਆਂ ਯੋਜਨਾ ਦੇ ਵੱਖ-ਵੱਖ ਹਿੱਸਿਆਂ ਨੂੰ “ਸਮੇਂ ਸਿਰ ਅਤੇ ਪ੍ਰਭਾਸ਼ਾਲੀ” ਢੰਗ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।
ਝੋਨੇ ਦੀ ਕਟਾਈ ਦੀ ਸ਼ੁਰੂਆਤ
ਖੇਤੀਬਾੜੀ ਵਾਲੇ ਸੂਬੇ ਪੰਜਾਬ ਅਤੇ ਹਰਿਆਣਾ ਵਿੱਚ ਝੋਨੇ ਦੀ ਕਟਾਈ ਸ਼ੁਰੂ ਹੋ ਗਈ ਹੈ। ਜ਼ਿਆਦਾਤਰ ਕਿਸਾਨਾਂ ਵੱਲੋਂ ਝੋਨੇ ਦੀ ਫ਼ਸਲ ਦੀ ਰਹਿੰਦ ਖੂੰਹਦ ਨੂੰ ਖੇਤਾਂ ਵਿੱਚ ਹੀ ਅੱਗ ਲਗਾ ਦਿੱਤੀ ਜਾਂਦੀ ਹੈ।
ਇਸ ਰਹਿੰਦ ਖੂੰਹਦ ਨੂੰ ਪਰਾਲੀ ਕਿਹਾ ਜਾਂਦਾ ਹੈ। ਕਈ ਮਾਹਿਰਾਂ ਦਾ ਮੰਨਣਾ ਹੈ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਪੰਜਾਬ, ਹਰਿਆਣਾ, ਦਿੱਲੀ ਅਤੇ ਇਸ ਨਾਲ ਲੱਗਦੇ ਹੋਰਨਾਂ ਇਲਾਕਿਆਂ ਵਿੱਚ ਪ੍ਰਦੂਸ਼ਨ ਕਾਫ਼ੀ ਹੱਦ ਤੱਕ ਵੱਧ ਜਾਂਦਾ ਹੈ।
‘ਦਿ ਹਿੰਦੂ’ ਦੀ ਇੱਕ ਰਿਪੋਰਟ ਅਨੁਸਾਰ ਭਾਰਤ ਸਰਕਾਰ ਦੇ ਅੰਕੜਿਆਂ ਮੁਤਾਬਕ ਸਾਲ 2021 ਵਿੱਚ ਪੰਜਾਬ ਦੇ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਾਉਣ ਦੇ 71,246 ਮਾਮਲੇ ਸਾਹਮਣੇ ਆਏ ਸਨ । ਇਸ ਦੇ ਨਾਲ ਹੀ ਸਾਲ 2020 ਵਿੱਚ 76,590 ਅਤੇ ਸਾਲ 2019 ਵਿੱਚ 52,991 ਕੇਸ ਸਾਹਮਣੇ ਆਏ। ਸਾਲ 2018 ਵਿੱਚ 51,766 ਅਤੇ 2017 ਵਿੱਚ 50,845 ਖੇਤਾਂ ਵਿੱਚ ਪਰਾਲ਼ੀ ਨੂੰ ਅੱਗ ਲਗਾਉਣ ਦੇ ਕੇਸ ਸਾਹਮਣੇ ਗਏ ਸਨ।
ਪਰਾਲੀ ਨੂੰ ਅੱਗ ਲਗਾਉਣ ਦੇ ਜਿਆਦਾਤਰ ਕੇਸ ਸੰਗਰੂਰ, ਮਾਨਸਾ, ਬਠਿੰਡਾ ਅਤੇ ਅੰਮ੍ਰਿਤਸਰ ਵਿੱਚ ਹੁੰਦੇ ਹਨ।
- ਕੇਂਦਰੀ ਵਾਤਾਵਰਣ ਮੰਤਰੀ ਨੇ ਪੰਜਾਬ ਸਰਕਾਰ ਦੇ ਪ੍ਰਬੰਧਾਂ ਉਪਰ ਅਸੰਤੁਸ਼ਟੀ” ਪ੍ਰਗਟ ਕੀਤੀ ਹੈ
- ਕਿਸਾਨਾਂ ਦਾ ਕਹਿਣਾ ਹੈ ਕਿ ਉਹ ਪਰਾਲੀ ਜਲਾਉਣ ਲਈ ਮਜ਼ਬੂਰ ਹਨ
- ਪਰਾਲੀ ਸਾੜਨ ਨਾਲ ਦਿੱਲੀ ਅਤੇ ਐਨਸੀਆਰ ਵਿੱਚ ਹਵਾ ਦੀ ਗੁਣਵੱਤਾ ਉਪਰ “ਮਾੜਾ ਪ੍ਰਭਾਵ” ਪੈ ਸਕਦਾ ਹੈ
- ਭਗਵੰਤ ਮਾਨ ਦਾ ਕਹਿਣ ਹੈ ਕਿ ਕੇਂਦਰ ਨੇ ਵਿੱਤੀ ਸਹਾਇਤਾ ਦੇਣ ਤੋਂ ਇਨਕਾਰ ਕੀਤਾ ਹੈ।
- ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਸਬਸਿਡੀ ਉਪਰ ਖੇਤੀ ਸੰਦ ਮੁਹੱਈਆ ਕਰਵਾਉਣ ਦਾ ਦਾਅਵਾ ਕੀਤਾ ਗਿਆ ਹੈ।
-
‘ਸਰਕਾਰ ਵੱਲੋਂ ਠੋਸ ਕਦਮ ਨਹੀਂ ਚੁੱਕੇ ਗਏ’
ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਕੋਲ ਪਰਾਲੀ ਨੂੰ ਖੇਤਾਂ ਵਿੱਚ ਅੱਗ ਲਗਾਉਣ ਤੋਂ ਬਿਨਾ ਹੋਰ ਕੋਈ ਹੱਲ ਨਹੀਂ ਹੈ। ਉਹਨਾਂ ਦੀ ਕਹਿਣਾ ਹੈ ਕਿ ਪਰਾਲੀ ਦੀ ਸੰਭਾਲ ਬਹੁਤ ਮਹਿੰਗੀ ਪੈਂਦੀ ਹੈ ਜਿਸ ਨੂੰ ਛੋਟਾ ਕਿਸਾਨ ਝੱਲ ਨਹੀਂ ਸਕਦਾ ਪਰ ਸਰਕਾਰਾਂ ਨੇ ਇਸ ਦੇ ਹੱਲ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਹਨ।
ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਸੰਗਰੂਰ ਬਲਾਕ ਪ੍ਰਧਾਨ ਗੋਬਿੰਦਰ ਸਿੰਘ ਦਾ ਕਹਿਣਾ ਹੈ ਕਿ ਕਿਸਾਨ ਪਿਛਲੇ ਸਾਲਾਂ ਵਾਂਗ ਹੀ ਇਸ ਵਾਰ ਵੀ ਪਰਾਲੀ ਨੂੰ ਅੱਗ ਲਗਾਉਣ ਲਈ ਮਜਬੂਰ ਹਨ।
ਗੋਬਿੰਦਰ ਸਿੰਘ ਦੱਸਦੇ ਹਨ, “ਕਿਸਾਨਾਂ ਦੀ ਆਰਥਿਕ ਹਾਲਤ ਕਮਜ਼ੋਰ ਹੋ ਰਹੀ ਹੈ। ਉਹਨਾਂ ਕੋਲ ਪਰਾਲੀ ਦਾ ਕੋਈ ਹੱਲ ਨਹੀਂ ਹੈ। ਅਮੀਰ ਕਿਸਾਨ ਪਰਾਲੀ ਨੂੰ ਖੇਤਾਂ ਵਿੱਚ ਖ਼ਤਮ ਕਰਨ ਜਾਂ ਇਸ ਦੇ ਸਟੋਰ ਦਾ ਪ੍ਰਬੰਧ ਕਰ ਸਕਦੇ ਹਨ ਪਰ ਛੋਟੇ ਕਿਸਾਨ ਕੋਲ ਇਸ ਦਾ ਕੋਈ ਹੱਲ ਨਹੀਂ ਹੈ ਸਿਵਾਏ ਖੇਤਾਂ ਵਿੱਚ ਅੱਗ ਲਗਾਉਣ ਦੇ। ਇਹ ਸਭ ਤੋਂ ਅਸਾਨ ਅਤੇ ਸਸਤਾ ਤਕੀਕਾ ਹੈ।”
ਕਿਸਾਨ ਗੋਬਿੰਦਰ ਸਿੰਘ ਦਾ ਕਹਿਣਾ ਹੈ ਕਿ, “ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਨਾਲ ਕੁਝ ਵੀ ਨਵਾਂ ਨਹੀਂ ਹੋਇਆ ਹੈ। ਹਾਲਾਤ ਉਸੇ ਤਰ੍ਹਾਂ ਹਨ। ਮੈਂ ਖੁਦ ਸੂਪਰ ਸੀਡਰ ਲਈ ਅਰਜੀ ਦਿੱਤੀ ਸੀ ਪਰ ਹਾਲੇ ਤੱਕ ਨੰਬਰ ਨਹੀਂ ਆਇਆ।”
“ਅੱਗ ਲਗਾਉਣਾ ਮਜਬੂਰੀ ਹੈ ਕਿਉਂਕਿ ਕਿਸਾਨ ਕੋਲ ਅਗਲੀ ਫ਼ਸਲ ਦੀ ਤਿਆਰੀ ਲਈ ਸਮਾਂ ਬਹੁਤ ਘੱਟ ਹੁੰਦਾ ਹੈ। ਝੋਨੇ ਦੀ ਕਟਾਈ ਦਾ ਸੀਜਨ ਕਰੀਬ 5 ਨਵੰਬਰ ਤੱਕ ਚੱਲੇਗਾ। ਇਸ ਲਈ ਅਸੀਂ ਅਗਲੀ ਫ਼ਸਲ ਲਈ ਵੀ ਖੇਤ ਤਿਆਰ ਕਰਨਾ ਹੁੰਦਾ ਹੈ।”
