ਮੁੱਖ ਮੰਤਰੀ ਭਗਵੰਤ ਮਾਨ ਦਾ 11 ਸਤੰਬਰ ਤੋਂ 17 ਸਤੰਬਰ ਤੱਕ ਜਰਮਨੀ ਦੇ ਦੌਰੇ ਦਾ ਪ੍ਰੋਗਰਾਮ ਹੈ | ਸੂਤਰਾਂ ਅਨੁਸਾਰ ਪੰਜਾਬ ‘ਚ ਪੂੰਜੀ ਨਿਵੇਸ਼ ਦੇ ਪ੍ਰੋਗਰਾਮ ਸੰਬੰਧੀ ਮੁੱਖ ਮੰਤਰੀ ‘ਇਨਵੈਸਟ ਪੰਜਾਬ’ ਦੇ ਅਧਿਕਾਰੀਆਂ ਦੇ ਵਫ਼ਦ ਦੀ ਅਗਵਾਈ ਕਰਨਗੇ, ਜਿਨ੍ਹਾਂ ਵਲੋਂ ਜਰਮਨੀ ਵਿਖੇ ਬਰਲਿਨ, ਫਰੈਂਕਫੋਰਟ ਅਤੇ ਮਿਊਨਿਖ ਵਿਖੇ ਜਰਮਨ ਸਨਅਤਕਾਰਾਂ ਤੇ ਵਪਾਰੀਆਂ ਨਾਲ ਮੀਟਿੰਗਾਂ ਦੇ ਪ੍ਰੋਗਰਾਮ ਹਨ | ਵਰਨਣਯੋਗ ਹੈ ਕਿ ਮੁੱਖ ਮੰਤਰੀ ਦੇ ਵਾਧੂ ਮੁੱਖ ਸਕੱਤਰ ਵੇਨੂ ਪ੍ਰਸਾਦ ਵੀ ਕੁਝ ਦਿਨ ਪਹਿਲਾਂ ਜਰਮਨੀ ਗਏ ਸਨ ਅਤੇ ਦੋ ਦਿਨ ਪਹਿਲਾਂ ਹੀ ਵਾਪਸ ਪਰਤੇ ਹਨ | ਸੂਬੇ ਦੇ ‘ਇਨਵੈਸਟ ਪੰਜਾਬ’ ਵਿਭਾਗ ਵਲੋਂ ਸੂਚਨਾ ਅਨੁਸਾਰ ਪੰਜਾਬ ‘ਚ ਪੂੰਜੀ ਨਿਵੇਸ਼ ਲਈ ਗੱਲਬਾਤ ਕੀਤੀ ਜਾ ਰਹੀ ਹੈ | ਮੁੱਖ ਮੰਤਰੀ ਨਾਲ ਵੀ ਜੋ ਆਈ.ਏ.ਐਸ. ਅਧਿਕਾਰੀ ਸ੍ਰੀ ਕੁਮਾਰ ਅਮਿਤ, ਕੇ.ਕੇ. ਯਾਦਵ, ਹਿਮਾਂਸ਼ੂ ਜੈਨ, ਦਲੀਪ ਕੁਮਾਰ ਅਤੇ ਗੌਰਵ ਖੰਨਾ ਆਦਿ ਜਾ ਰਹੇ ਹਨ, ਉਹ ਵੀ ‘ਇਨਵੈਸਟ ਪੰਜਾਬ’ ਵਿਭਾਗ ਦੇ ਹੀ ਹਨ, ਜਦੋਂਕਿ ਮੁੱਖ ਮੰਤਰੀ ਨਾਲ ਉਨ੍ਹਾਂ ਦੀ ਸੁਰੱਖਿਆ ਦੇ ਮੁਖੀ ਏ.ਪੀ. ਪਾਂਡੇ (ਆਈ.ਜੀ.) ਅਤੇ ਇਕ ਹੋਰ ਸੁਰੱਖਿਆ ਅਧਿਕਾਰੀ ਤੋਂ ਇਲਾਵਾ ਉਨ੍ਹਾਂ ਦੇ ਇਕ ਸਹਾਇਕ ਅਧਿਕਾਰੀ ਵੀ ਜਾਣਗੇ | ਸੂਚਨਾ ਅਨੁਸਾਰ ‘ਇਨਵੈਸਟ ਪੰਜਾਬ’ ਦੀ ਮੰਤਰੀ ਅਨਮੋਲ ਗਗਨ ਮਾਨ ਵੀ ਪਹਿਲਾਂ ਵਫ਼ਦ ‘ਚ ਸ਼ਾਮਿਲ ਸੀ ਪਰ ਹੁਣ ਭਾਰਤ ਸਰਕਾਰ ਨੂੰ ਪ੍ਰਵਾਨਗੀ ਲਈ ਭੇਜੀ ਗਈ ਤਜਵੀਜ਼ ‘ਚ ਉਨ੍ਹਾਂ ਦਾ ਨਾਂਅ ਨਹੀਂ ਹੈ | ਰਾਜਾਂ ਦੇ ਮੰਤਰੀਆਂ ਤੇ ਮੁੱਖ ਮੰਤਰੀਆਂ ਦੇ ਵਿਦੇਸ਼ੀ ਦੌਰਿਆਂ ਲਈ ਪ੍ਰਧਾਨ ਮੰਤਰੀ ਪੱਧਰ ਦੀ ਪ੍ਰਵਾਨਗੀ ਜ਼ਰੂਰੀ ਹੁੰਦੀ ਹੈ, ਜਿਸ ਲਈ ਮੌਜੂਦਾ ਕੇਂਦਰ ਸਰਕਾਰ ਵਲੋਂ ਪ੍ਰਕਿਰਿਆ ਕਾਫ਼ੀ ਸਖ਼ਤ ਕਰ ਦਿੱਤੀ ਗਈ ਹੈ | ਕੁਝ ਸਮਾਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਿੰਗਾਪੁਰ ਦੇ ਸਰਕਾਰੀ ਦੌਰੇ ‘ਤੇ ਜਾਣ ਦੇ ਪ੍ਰੋਗਰਾਮ ਲਈ ਪ੍ਰਧਾਨ ਮੰਤਰੀ ਵਲੋਂ ਪ੍ਰਵਾਨਗੀ ਨਹੀਂ ਦਿੱਤੀ ਗਈ ਸੀ ਅਤੇ ਕੇਜਰੀਵਾਲ ਵਲੋਂ ਇਸ ਮੁੱਦੇ ਨੂੰ ਕਾਫ਼ੀ ਉਛਾਲਿਆ ਗਿਆ ਸੀ ਅਤੇ ਕੇਂਦਰ ਸਰਕਾਰ ਦੀ ਤਿੱਖੀ ਨੁਕਤਾਚੀਨੀ ਵੀ ਕੀਤੀ ਗਈ ਸੀ ਪਰ ਮੁੱਖ ਮੰਤਰੀ ਪੰਜਾਬ ਦੇ ਉਕਤ ਸਰਕਾਰੀ ਦੌਰੇ ਪ੍ਰਤੀ ਪ੍ਰਧਾਨ ਮੰਤਰੀ ਕੀ ਰੁਖ਼ ਅਪਣਾਉਂਦੇ ਹਨ, ਇਹ ਵੇਖਣ ਵਾਲੀ ਗੱਲ ਹੋਵੇਗੀ | ਪ੍ਰਵਾਨਗੀ ਪ੍ਰਾਪਤ ਕਰਨ ਲਈ ਸੂਬਾ ਸਰਕਾਰ ਕੋਲ ਸਮਾਂ ਵੀ ਕੇਵਲ 7-8 ਦਿਨਾਂ ਦਾ ਹੀ ਹੋਵੇਗਾ |
