ਗੁਜਰਾਤ ਦੀ ਬਿਲਕਿਸ ਬਾਨੋ ਜਬਰ-ਜਨਾਹ ਦੇ ਦੋਸ਼ੀਆਂ ਦੀ ਰਿਹਾਈ ਦਾ ਮੁੱਦਾ ਲਗਾਤਾਰ ਸੁਰਖੀਆਂ ‘ਚ ਹੈ | ਇਸ ਮਾਮਲੇ ਸਬੰਧੀ ਦੇਸ਼ ਭਰ ‘ਚ ਉੱਠ ਰਹੇ ਸਵਾਲਾਂ ਤੋਂ ਬਾਅਦ ਇਹ ਮਾਮਲਾ ਸੁਪਰੀਮ ਕੋਰਟ ਪੁੱਜ ਗਿਆ ਹੈ ਅਤੇ ਸੁਪਰੀਮ ਕੋਰਟ ਇਸ ਮਾਮਲੇ ਦੀ ਸੁਣਵਾਈ ਲਈ ਤਿਆਰ ਹੋ ਗਈ ਹੈ | ਦਰਅਸਲ ਬਿਲਕਿਸ ਬਾਨੋ ਕੇਸ ਦੇ ਦੋਸ਼ੀਆਂ ਦੀ ਰਿਹਾਈ ਨੂੰ ਸੁਪਰੀਮ ਕੋਰਟ ‘ਚ ਚੁਣੌਤੀ ਦਿੱਤੀ ਗਈ ਹੈ ਅਤੇ ਮੰਗਲਵਾਰ ਨੂੰ ਬਿਲਕਿਸ ਬਾਨੋ ਮਾਮਲਾ ਚੀਫ ਜਸਟਿਸ ਦੀ ਅਗਵਾਈ ਵਾਲੇ ਸੁਪਰੀਮ ਕੋਰਟ ਦੇ ਬੈਂਚ ਸਾਹਮਣੇ ਉਠਾਇਆ ਗਿਆ ਸੀ | ਸੀਨੀਅਰ ਵਕੀਲ ਕਪਿਲ ਸਿੱਬਲ ਅਤੇ ਐਡਵੋਕੇਟ ਅਪਰਨਾ ਭੱਟ ਨੇ ਅਦਾਲਤ ਨੂੰ ਮਾਮਲੇ ਦੀ ਜਲਦੀ ਸੁਣਵਾਈ ਕਰਨ ਦੀ ਅਪੀਲ ਕੀਤੀ, ਜਿਸ ‘ਤੇ ਅਦਾਲਤ ਨੇ ਸੁਣਵਾਈ ਲਈ ਹਾਮੀ ਭਰ ਦਿੱਤੀ ਹੈ | ਚੀਫ ਜਸਟਿਸ ਦੀ ਅਗਵਾਈ ਵਾਲੇ ਬੈਂਚ ਸਾਹਮਣੇ ਵਕੀਲ ਕਪਿਲ ਸਿੱਬਲ ਨੇ ਕਿਹਾ ਕਿ ਅਸੀਂ ਰਿਹਾਈ ਨੂੰ ਚੁਣੌਤੀ ਦਿੱਤੀ ਹੈ | 14 ਲੋਕਾਂ ਦੀ ਹੱਤਿਆ, ਇਕ ਗਰਭਵਤੀ ਔਰਤ ਨਾਲ ਜਬਰ ਜਨਾਹ ਕੀਤਾ ਗਿਆ ਸੀ | ਜਦਕਿ ਵਕੀਲ ਭੱਟ ਨੇ ਅਦਾਲਤ ਨੂੰ ਇਸ ਮਾਮਲੇ ਦੀ ਸੁਣਵਾਈ ਬੁੱਧਵਾਰ ਨੂੰ ਕਰਨ ਦੀ ਅਪੀਲ ਕੀਤੀ |
