ਪਿਛਲੇ ਕੁਝ ਮਹੀਨਿਆਂ ਦੌਰਾਨ ਕਈ ਰਾਜਾਂ ‘ਚ ਪਸ਼ੂਆਂ ਵਿਚ ਫੈਲੀ ਲੰਪੀ ਸਕਿਨ ਬਿਮਾਰੀ ਸੰਬੰਧੀ ਖੇਤੀ ਖੋਜ ਸੰਸਥਾ ਆਈ.ਸੀ.ਏ.ਆਰ. ਨੇ ਸਵਦੇਸ਼ੀ ਵੈਕਸੀਨ ਤਿਆਰ ਕਰ ਲਈ ਹੈ | ਕੇਂਦਰ ਨੇ ਆਈ. ਸੀ. ਏ. ਆਰ. ਦੀਆਂ ਦੋ ਸੰਸਥਾਵਾਂ ਵਲੋਂ ਵਿਕਸਿਤ ਇਸ ਵੈਕਸੀਨ ਨੂੰ ਬਾਜ਼ਾਰ ‘ਚ ਲਿਆਉਣ ਦੀ ਯੋਜਨਾ ਬਣਾਈ ਹੈ, ਤਾਂ ਜੋ ਪੰਜਾਬ ਸਮੇਤ ਛੇ ਸੂਬਿਆਂ ‘ਚ ਪਸ਼ੂਆਂ ਵਿਚ ਫੈਲੀ ‘ਲੰਪੀ ਸਕਿਨ’ ਦੀ ਬੀਮਾਰੀ ‘ਤੇ ਕਾਬੂ ਪਾਇਆ ਜਾ ਸਕੇ | 8 ਅਗਸਤ ਤੱਕ ਇਸ ਬਿਮਾਰੀ ਨਾਲ ਪੰਜਾਬ ‘ਚ 672, ਰਾਜਸਥਾਨ ‘ਚ 2111, ਗੁਜਰਾਤ ‘ਚ 1679, ਹਿਮਾਚਲ ਪ੍ਰਦੇਸ਼ ‘ਚ 38, ਅੰਡੇਮਾਨ ਤੇ ਨਿਕੋਬਾਰ ‘ਚ 29 ਅਤੇ ਉੱਤਰਾਖੰਡ ‘ਚ 26 ਪਸ਼ੂਆਂ ਦੀ ਮੌਤ ਹੋਈ ਹੈ | ਆਈ.ਸੀ.ਏ.ਆਰ-ਘੋੜਿਆਂ ਸੰਬੰਧੀ ਰਾਸ਼ਟਰੀ ਖੋਜ ਕੇਂਦਰ (ਐਨ.ਆਰ.ਸੀ.ਈ), ਹਿਸਾਰ (ਹਰਿਆਣਾ) ਨੇ ਆਈ.ਈ.ਏ.ਆਰ-ਪਸ਼ੂਆਂ ਦੇ ਇਲਾਜ ਸੰਬੰਧੀ ਭਾਰਤੀ ਖੋਜ ਸੰਸਥਾ (ਆਈ.ਵੀ.ਆਰ.ਆਈ.) ਇਜ਼ਾਤਨਗਰ (ਉੱਤਰ ਪ੍ਰਦੇਸ਼) ਦੇ ਸਹਿਯੋਗ ਨਾਲ ‘ਲੰਪੀ ਸਕਿਨ’ ਬੀਮਾਰੀ ਦੀ ਵੈਕਸੀਨ ‘ਲੰਪੀ-ਪ੍ਰੋਵੈਕਇੰਡ’ ਵਿਕਸਿਤ ਕੀਤੀ ਹੈ | ਇਸ ਵੈਕਸੀਨ ਨੂੰ ਇਥੇ ਇਕ ਸਮਾਗਮ ਦੌਰਾਨ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਅਤੇ ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਪੁਰਸ਼ੋਤਮ ਰੁਪਾਲਾ ਨੇ ਜਾਰੀ ਕੀਤਾ |
