-1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ‘ਚ ਉੱਤਰ ਪ੍ਰਦੇਸ਼ ਦੀ ਵਿਸ਼ੇਸ਼ ਜਾਂਚ ਟੀਮ (ਐਸ. ਆਈ. ਟੀ.) ਨੇ ਕਾਨਪੁਰ ‘ਚੋਂ ਚਾਰ ਹੋਰ ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਜਿੰਨ੍ਹਾਂ ‘ਚੋਂ ਇਕ ਤਿੰਨ ਵਾਰ ਕਾਂਗਰਸ ਦਾ ਕੌਂਸਲਰ ਰਹਿ ਚੁੱਕਾ ਹੈ ਅਤੇ ਉਸ ਦੀ ਉਮਰ 70 ਸਾਲ ਦੇ ਕਰੀਬ ਹੈ | ਕਾਨਪੁਰ ‘ਚ 1984 ਵਿਚ ਹੋਏ ਸਿੱਖ ਵਿਰੋਧੀ ਦੰਗਿਆਂ ਦੌਰਾਨ 127 ਵਿਅਕਤੀ ਮਾਰੇ ਗਏ ਸਨ | ਐਸ. ਆਈ. ਈ. ਹੁਣ ਤੱਕ 19 ਦੋਸ਼ੀਆਂ ਨੂੰ ਗਿ੍ਫ਼ਤਾਰ ਕਰ ਚੁੱਕੀ ਹੈ | ਪੰਜ ਮਾਮਲਿਆਂ ‘ਚ ਸੋਮਵਾਰ ਅਤੇ ਮੰਗਲਵਾਰ ਨੂੰ ਲਗਾਤਾਰ ਦੋ ਦਿਨਾਂ ‘ਚ ਨਵੀਂਆਂ ਗਿ੍ਫ਼ਤਾਰੀਆਂ ਕੀਤੀਆਂ ਗਈਆਂ, ਜਿੰਨ੍ਹਾਂ ‘ਚੋਂ ਇਕ ਮਾਮਲਾ ਨੌਬਸਤਾ ਥਾਣੇ ‘ਚ ਅਤੇ ਬਾਕੀ ਚਾਰ ਮਾਮਲੇ ਗੋਵਿੰਦ ਨਗਰ ਥਾਣੇ ‘ਚ ਦਰਜ ਕੀਤੇ ਗਏ | ਗਿ੍ਫ਼ਤਾਰ ਕੀਤੇ ਚਾਰ ਦੋਸ਼ੀਆਂ ਦੀ ਪਹਿਚਾਣ ਰਾਜਨ ਲਾਲ ਪਾਂਡੇ (85), ਦੀਪਕ (70), ਧੀਰੇਂਦਰ ਕੁਮਾਰ ਤਿਵਾੜੀ (70) ਅਤੇ ਕੈਲਾਸ਼ ਪਾਲ (70) ਵਜੋਂ ਹੋਈ ਹੈ | ਵਿਸ਼ੇਸ਼ ਜਾਂਚ ਟੀਮ ਦੇ ਡੀ. ਆਈ. ਜੀ. ਬਾਲੇਂਦੁ ਭੂਸ਼ਨ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ ਅਤੇ ਅਦਾਲਤ ਨੇ ਉਨ੍ਹਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਹੈ | ਉਨ੍ਹਾਂ ਦੱਸਿਆ ਕਿ 11 ਹੋਰਨਾਂ ਦੀ ਪੁਲਿਸ ਨੇ ਪਹਿਚਾਣ ਕਰ ਲਈ ਹੈ ਅਤੇ ਉਨ੍ਹਾਂ ਦੀ ਗਿ੍ਫ਼ਤਾਰੀ ਲਈ ਕੋਸ਼ਿਸ਼ ਜਾਰੀ ਹੈ ਕਿਉਂਕਿ ਉਹ ਅਜੇ ਫ਼ਰਾਰ ਹਨ | ਰਾਜਨ ਲਾਲ ਪਾਂਡੇ, ਦੀਪਕ ਅਤੇ ਧੀਰੇਂਦਰ ਤਿਵਾੜੀ ਨੂੰ ਤਿੰਨ ਮਾਮਲਿਆਂ ‘ਚ ਛੇ ਵਿਅਕਤੀਆਂ ਦੀ ਬੇਰਹਿਮੀ ਨਾਲ ਹੱਤਿਆ ਕਰਨ ਦੇ ਦੋਸ਼ ‘ਚ ਗਿ੍ਫ਼ਤਾਰ ਕੀਤਾ ਗਿਆ ਹੈ, ਜਦੋਂਕਿ ਕਾਂਗਰਸ ਦੇ ਸਾਬਕਾ ਕੌਂਸਲਰ ਕੈਲਾਸ਼ ਪਾਲ ਨੂੰ ਦਬੌਲੀ ‘ਚ ਹੋਏ ਹੱਤਿਆ ਕਾਂਡ ਲਈ ਗਿ੍ਫ਼ਤਾਰ ਕੀਤਾ ਗਿਆ ਹੈ | ਕੈਲਾਸ਼ ਪਾਲ ਨੇ ਕਥਿਤ ਤੌਰ ‘ਤੇ ਵਿਸਾਖਾ ਸਿੰਘ, ਉਸ ਦੀ ਪਤਨੀ ਸਿਮਰਨ ਕੌਰ, ਬੇਟੀ ਗੁਰਬਚਨ ਕੌਰ ਅਤੇ ਉਸ ਦੇ ਚਾਰ ਪੁੱਤਰਾਂ ਦੀ ਹੱਤਿਆ ਕਰ ਦਿੱਤੀ ਸੀ | ਵਿਸਾਖਾ ਸਿੰਘ ਦੇ ਦੋ ਪੁੱਤਰ ਮਹਿੰਦਰ ਸਿੰਘ ਅਤੇ ਅਵਤਾਰ ਸਿੰਘ ਜਿਊਾਦੇ ਹਨ | ਉਨ੍ਹਾਂ ਦੱਸਿਆ ਕਿ ਕੈਲਾਸ਼ ਪਾਲ ਦੀ ਅਗਵਾਈ ‘ਚ ਦੰਗਾਕਾਰੀਆਂ ਨੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਹੱਤਿਆ ਕੀਤੀ ਸੀ |
