ਅੱਜ ਸਵੇਰੇ ਕਰੀਬ 11 ਵਜੇ ਇਥੋਂ ਨਜ਼ਦੀਕ ਪਿੰਡ ਬਾਥੂ (ਜ਼ਿਲ੍ਹਾ ਊਨਾ) ਵਿਖੇ ਪਟਾਕੇ ਬਣਾਉਣ ਦੀ ਨਾਜਾਇਜ਼ ਫ਼ੈਕਟਰੀ ‘ਚ ਧਮਾਕਾ ਹੋਣ ਕਾਰਨ ਇਥੇ ਕੰਮ ਕਰ ਰਹੇ 6 ਪ੍ਰਵਾਸੀ ਮਜ਼ਦੂਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ 14 ਹੋਰ ਜ਼ਖ਼ਮੀ ਹੋ ਗਏ | ਜ਼ਖ਼ਮੀਆਂ ‘ਚ 9 ਔਰਤਾਂ ਸ਼ਾਮਿਲ ਹਨ | ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ 11 ਗੰਭੀਰ ਜ਼ਖ਼ਮੀਆਂ ਨੂੰ ਪੀ.ਜੀ.ਆਈ. ਚੰਡੀਗੜ੍ਹ ਵਿਖੇ ਦਾਖ਼ਲ ਕਰਵਾਇਆ ਗਿਆ ਹੈ | ਮੁੱਖ ਮੰਤਰੀ ਜੈਰਾਮ ਠਾਕੁਰ ਨੇ ਡਵੀਜ਼ਨਲ ਕਮਿਸ਼ਨਰ ਨੂੰ ਇਸ ਘਟਨਾ ਦੇ ਸੰਬੰਧ ‘ਚ ਵਿਸਥਾਰਤ ਰਿਪੋਰਟ ਇਕ ਹਫ਼ਤੇ ‘ਚ ਦਾਖ਼ਲ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ | ਸੂਬਾ ਸਰਕਾਰ ਨੇ ਮਿ੍ਤਕਾਂ ਦੇ ਪਰਿਵਾਰਕ ਮੈਂਬਰਾਂ ਲਈ 4 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ | ਇਸ ਸੰਬੰਧੀ ਊਨਾ ਜ਼ਿਲ੍ਹੇ ਦੇ ਐਸ.ਪੀ. ਅਰਜਿਤ ਸੈਨ ਠਾਕੁਰ, ਡਿਪਟੀ ਕਮਿਸ਼ਨਰ ਰਾਘਵ ਸ਼ਰਮਾ ਤੇ ਪਿੰਡ ਬਾਥੂ ਪੰਚਾਇਤ ਦੀ ਪ੍ਰਧਾਨ ਰੇਖਾ ਰਾਣਾ ਨੇ ਤੁਰੰਤ ਘਟਨਾ ਸਥਾਨ ‘ਤੇ ਪਹੁੰਚ ਕੇ ਜਾਇਜ਼ਾ ਲਿਆ | ਐਸ.ਪੀ. ਅਰਜਿਤ ਠਾਕੁਰ ਨੇ ਦੱਸਿਆ ਕਿ ਇਹ ਪਟਾਕਿਆਂ ਦੀ ਫ਼ੈਕਟਰੀ ਬਿਨਾਂ ਕਿਸੇ ਨਾਂਅ ਤੋਂ ਚੱਲ ਰਹੀ ਹੈ, ਜਿਸ ‘ਚ 35 ਦੇ ਕਰੀਬ ਕਰਮਚਾਰੀ ਕੰਮ ਕਰਦੇ ਹਨ, ਪਰ ਧਮਾਕੇ ਤੋਂ ਬਾਅਦ ਮਾਲਕ ਸਮੇਤ ਸਾਰੇ ਫ਼ਰਾਰ ਹੋ ਗਏ ਹਨ |
