ਫ਼ਿਰੋਜ਼ਪੁਰ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 5 ਜਨਵਰੀ ਨੂੰ ਹੋਣ ਵਾਲੀ ਰੈਲੀ ਦੇ ਮੱਦੇਨਜ਼ਰ ਕੇਂਦਰੀ ਮੰਤਰੀਆਂ ਨੇ ਫ਼ਿਰੋਜ਼ਪੁਰ ਡੇਰੇ ਲਾ ਲਏ ਹਨ ਤੇ ਮੰਤਰੀਆਂ ਵਲੋਂ ਕੇਂਦਰ ਦੀਆਂ ਵਿਕਾਸ ਯੋਜਨਾਵਾਂ ਤੇ ਸੂਬੇ ਦੀ ਕਾਂਗਰਸ ਸਰਕਾਰ ਵਲੋਂ ਕੇਂਦਰੀ ਫ਼ੰਡਾਂ ਦੇ ਗਲਤ ਇਸਤੇਮਾਲ ਬਾਰੇ ਮੀਡੀਆ ਨੂੰ ਜਾਣਕਾਰੀ ਦਿੱਤੀ ਗਈ ਹੈ | ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਦੇਸ਼ ‘ਚ ਵਿਸ਼ੇਸ਼ ਕਰ ਪੰਜਾਬ ‘ਚ ਸੈਰ-ਸਪਾਟੇ ਨੂੰ ਵਧਾਵਾ ਦੇਣ ਤੋਂ ਇਲਾਵਾ ਇਤਿਹਾਸਕ ਤੇ ਵਿਰਾਸਤੀ ਸਥਾਨਾਂ ਦਾ ਸੁੰਦਰੀਕਰਨ ਵਾਸਤੇ ਲਗਾਤਾਰ ਫ਼ੰਡ ਦਿੱਤੇ ਜਾ ਰਹੇ ਹਨ | ਜਲਿ੍ਹਆਂਵਾਲਾ ਬਾਗ਼, ਸ੍ਰੀ ਹਰਿਮੰਦਰ ਸਾਹਿਬ, ਕਰਤਾਰਪੁਰ ਲਾਂਘਾ ਆਦਿ ਸਥਾਨਾਂ ਦੇ ਸੁੰਦਰੀਕਰਨ ਵਾਸਤੇ ਉਨ੍ਹਾਂ ਵਲੋਂ ਦਿੱਤੇ ਫ਼ੰਡ ਦਾ ਪੂਰਾ ਇਸਤੇਮਾਲ ਨਹੀਂ ਹੋਇਆ | ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ 5 ਜਨਵਰੀ ਨੂੰ ਪੀ.ਜੀ.ਆਈ. ਦਾ ਉਦਘਾਟਨ ਕਰਕੇ ਫ਼ਿਰੋਜ਼ਪੁਰ ਦੇ ਲੋਕਾਂ ਨੂੰ ਤੋਹਫ਼ਾ ਦੇਣ ਜਾ ਰਹੇ ਹਨ | ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਚਲਾਈਆਂ ਯੋਜਨਾਵਾਂ ਕਰਕੇ ਅੱਜ ਗ਼ਰੀਬ ਤਬਕੇ ਕੋਲ ਮਕਾਨ ਤੇ ਸਿਲੰਡਰ ਹੈ | ਉਨ੍ਹਾਂ ਦੱਸਿਆ ਕਿ ਉੱਜਵਲਾ ਯੋਜਨਾ ਤੇ ਆਯੁਸ਼ਮਾਨ ਯੋਜਨਾ ਤਹਿਤ ਦੇਸ਼ ਦਾ ਹਰੇਕ ਨਾਗਰਿਕ ਲਾਭ ਲੈ ਰਿਹਾ ਹੈ | ਸ. ਪੁਰੀ ਨੇ ਦਿੱਲੀ ਦੇ ਮੱੁਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ‘ਤੇ ਵਰ੍ਹਦੇ ਹੋਏ ਕਿਹਾ ਕਿ ਪੰਜਾਬ ਸਿਰ ਕਰੀਬ 3 ਲੱਖ ਕਰੋੜ ਦਾ ਕਰਜ਼ਾ ਹੈ ਤੇ ਇਨ੍ਹਾਂ ਵਲੋਂ ਮੁਫ਼ਤ ਸਹੂਲਤਾਂ ਦਾ ਐਲਾਨ ਕਰਕੇ ਜਨਤਾ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ | ਇਸ ਮੌਕੇ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੋਰੋਨਾ ਦੀ ਤੀਜੀ ਸੰਭਾਵਿਤ ਲਹਿਰ ਨੂੰ ਵੇਖਦੇ ਹੋਏ ਕੇਂਦਰ ਸਰਕਾਰ ਨੇ ਪੂਰੇ ਇੰਤਜ਼ਾਮ ਕੀਤੇ ਹਨ, ਜਿਸ ਵਾਸਤੇ 23 ਹਜ਼ਾਰ ਕਰੋੜ ਰੁਪਏ ਅਲਾਟ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਹਰ ਜ਼ਿਲ੍ਹੇ ‘ਚ 100 ਬਿਸਤਰਿਆਂ ਵਾਲਾ ਹਸਪਤਾਲ, ਆਈਸੋਲੇਸ਼ਨ ਕੇਂਦਰ ਤੇ ਆਕਸੀਜਨ ਦਾ ਪੂਰਾ ਇੰਤਜ਼ਾਮ ਰੱਖਿਆ ਗਿਆ ਹੈ | ਮਾਂਡਵੀਆ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਵਲੋਂ ਕੱਲ੍ਹ ਪੀ.ਜੀ.ਆਈ. ਦੇ ਉਦਘਾਟਨ ਤੋਂ ਇਲਾਵਾ ਸੂਬੇ ‘ਚ ਦੋ ਮੈਡੀਕਲ ਕਾਲਜਾਂ ਦੇ ਨਿਰਮਾਣ ਦਾ ਵੀ ਐਲਾਨ ਕੀਤਾ ਜਾਵੇਗਾ | ਇਹ ਮੈਡੀਕਲ ਕਾਲਜ ਹੁਸ਼ਿਆਰਪੁਰ ਤੇ ਕਪੂਰਥਲਾ ਵਿਖੇ ਖੋਲ੍ਹੇ ਜਾਣਗੇ |
