ਕੇਂਦਰੀ ਜਾਂਚ ਏਜੰਸੀ ਇੰਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਅੱਜ ਚੰਡੀਗੜ੍ਹ, ਲੁਧਿਆਣਾ, ਬੰਗਾ ਤੇ ਮੁਹਾਲੀ ਵਿਖੇ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ ਹੈ | ਛਾਪੇਮਾਰੀ ਟੀਮਾਂ ਵਿਚ ਜਲੰਧਰ, ਚੰਡੀਗੜ੍ਹ, ਜੰਮੂ-ਕਸ਼ਮੀਰ ਤੇ ਦਿੱਲੀ ਦੇ ਅਧਿਕਾਰੀ ਤੇ ਮੁਲਾਜ਼ਮ ਸ਼ਾਮਿਲ ਹਨ | ਈ.ਡੀ. ਵਲੋਂ ਬਾਦਲ ਪਰਿਵਾਰ ਦੇ ਨਜ਼ਦੀਕੀ ਫਾਸਟਵੇਅ ਟਰਾਂਸਮਿਸ਼ਨ ਨੈੱਟਵਰਕ, ਜੁਝਾਰ ਟਰਾਂਸਪੋਰਟ ਸਮੇਤ ਜਾਇਦਾਦ ਦਾ ਕਾਰੋਬਾਰ ਕਰਨ ਵਾਲੇ ਵਿਅਕਤੀਆਂ ਦੀਆਂ ਵੱਖ-ਵੱਖ 8 ਥਾਵਾਂ ‘ਤੇ ਛਾਪੇਮਾਰੀ ਕੀਤੀ | ਈ.ਡੀ. ਦੀ ਟੀਮ ਕੇਂਦਰੀ ਸੁਰੱਖਿਆ ਬਲਾਂ ਦੇ ਨਾਲ ਅੱਜ ਸਵੇਰ ਸਮੇਂ ਹੀ ਲੁਧਿਆਣਾ ਦੇ ਗ੍ਰੈਂਡਵਾਕ ਮਾਲ ਵਿਚ ਬਣੇ ਫਾਸਟਵੇਅ ਦੇ ਦਫ਼ਤਰ, ਲੁਧਿਆਣਾ ਵਿਚਲੇ ਜੁਝਾਰ ਟਰਾਂਸਪੋਰਟ ਕੰਪਨੀ ਦੇ ਦਫ਼ਤਰ, ਕਾਰੋਬਾਰੀ ਗੁਰਦੀਪ ਸਿੰਘ ਮੁੰਡੀ ਦੇ ਗ੍ਰਹਿ ਵਿਖੇ ਪੁੱਜੀ | ਏਜੰਸੀ ਵਲੋਂ ਵੱਖ-ਵੱਖ ਥਾਵਾਂ ਤੋਂ ਕਈ ਦਸਤਾਵੇਜ਼ਾਂ, ਕੰਪਿਊਟਰਾਂ ਦਾ ਡਾਟਾ ਤੇ ਹੋਰ ਸਾਮਾਨ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਗਿਆ ਅਤੇ ਬਰੀਕੀ ਨਾਲ ਛਾਣਬੀਣ ਕੀਤੀ ਜਾ ਰਹੀ ਹੈ | ਕੇਂਦਰੀ ਏਜੰਸੀਆਂ ਕੋਲ ਅਜਿਹੇ ਕਈ ਤੱਥ ਹਨ, ਜਿਸ ਵਿਚ ਕਰੋੜਾਂ ਰੁਪਏ ਦੀ ਨਕਦੀ ਦਾ ਲੈਣ ਦੇਣ ਕਰਕੇ ਕਰ ਚੋਰੀ ਕੀਤੀ ਗਈ ਹੈ | ਉਕਤ ਸਾਰੀ ਕਾਰਵਾਈ ਨੂੰ ਗੁਪਤ ਰੱਖਿਆ ਗਿਆ ਪਰ ਸੁਰੱਖਿਆ ਕਰਮੀਆਂ ਦੇ ਵੱਖ-ਵੱਖ ਥਾਵਾਂ ‘ਤੇ ਖੜ੍ਹੇ ਹੋਣ ਕਰਕੇ ਛਾਪੇਮਾਰੀ ਦੀ ਖ਼ਬਰ ਸਾਰੇ ਪੰਜਾਬ ਵਿਚ ਜੰਗਲ ਦੀ ਅੱਗ ਵਾਂਗ ਫੈਲ ਗਈ | ਪਤਾ ਲੱਗਾ ਹੈ ਕਿ ਇਹ ਛਾਪੇਮਾਰੀ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਦੇ ਸਾਬਕਾ ਚੀਫ਼ ਇੰਜੀਨੀਅਰ ਸੁਰਿੰਦਰਪਾਲ ਸਿੰਘ ਪਹਿਲਵਾਨ ਵਿਰੁੱਧ ਹਵਾਲਾ ਮਾਮਲੇ ਵਿਚ ਕੀਤੀ ਗਈ ਹੈ | ਗੁਰਦੀਪ ਸਿੰਘ ਜੁਝਾਰ ਦੇ ਟਿਕਾਣਿਆਂ ਤੋਂ ਇਲਾਵਾ ਪਹਿਲਵਾਨ ਦੇ ਸਿੱਧੇ ਤੌਰ ‘ਤੇ ਜੁੜੇ ਲੁਧਿਆਣਾ ਦੇ ਇਕ ਹੋਰ ਟਿਕਾਣੇ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ | ਈ.ਡੀ. ਵਲੋਂ ਪਹਿਲਵਾਨ ਖ਼ਿਲਾਫ਼ 2021 ਵਿਚ ਕੇਸ ਦਾਇਰ ਕੀਤਾ ਗਿਆ ਸੀ | ਇਹ ਮਾਮਲਾ ਪੰਜਾਬ ਵਿਜੀਲੈਂਸ ਬਿਊਰੋ ਵਲੋਂ ਉਸ ਨੂੰ ਆਪਣੇ ਅਧਿਕਾਰਤ ਅਹੁਦੇ ਦੀ ਦੁਰਵਰਤੋਂ ਕਰਕੇ ਕੰਮਾਂ ਨੂੰ ਮਨਜ਼ੂਰੀ ਦੇਣ ਵਿਚ ਨਾਜਾਇਜ਼ ਦੌਲਤ ਇਕੱਠੀ ਕਰਨ ਦੇ ਦੋਸ਼ ਵਿਚ ਦਰਜ ਕੀਤਾ ਗਿਆ ਸੀ | ਵਿਜੀਲੈਂਸ ਵਲੋਂ ਕੇਸ ਵਿਚ ਪਹਿਲਵਾਨ ਦੀਆਂ ਕਰੋੜਾਂ ਰੁਪਏ ਦੀਆਂ 59 ਜਾਇਦਾਦਾਂ ਨੂੰ ਵੀ ਕੁਰਕ ਕੀਤਾ ਗਿਆ ਸੀ | ਦੂਸਰੇ ਪਾਸੇ ਗੁਰਦੀਪ ਸਿੰਘ ਜੁਝਾਰ ਦੇ ਦਫ਼ਤਰਾਂ ਤੇ ਘਰਾਂ ‘ਤੇ ਈ.ਡੀ. ਛਾਪੇਮਾਰੀ ਨੂੰ ਚੋਣਾਂ ਨੇੜੇ ਆਉਂਦੀਆਂ ਦੇਖ ਭਾਜਪਾ ਵਲੋਂ ਦਬਾਅ ਬਣਾਉਣ ਤਹਿਤ ਕੀਤੀ ਕਾਰਵਾਈ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ | ਕੇਬਲ ਮਾਫ਼ੀਆ ਬਾਰੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਵੀ ਕਈ ਬਿਆਨ ਦਿੱਤੇ ਗਏ ਸਨ | ਪੰਜਾਬ ਵਿਧਾਨ ਸਭਾ ਦੀਆਂ ਚੋੜਾਂ ਨੇੜੇ ਹੋਣ ਕਰਕੇ ਕੇਂਦਰੀ ਏਜੰਸੀਆਂ ਵਲੋਂ ਪੰਜਾਬ ਵਿਚ ਆਏ ਦਿਨ ਕੀਤੀ ਜਾ ਰਹੀ ਛਾਪੇਮਾਰੀ ਕਰਕੇ ਕਈ ਆਗੂਆਂ, ਕਾਰੋਬਾਰੀਆਂ, ਚੋਣਾਂ ਵਿਚ ਫੰਡ ਦੇਣ ਵਾਲੇ ਕਾਰੋਬਾਰੀਆਂ ਤੇ ਹੋਰਨਾਂ ਵਿਚ ਡਰ ਤੇ ਸਹਿਮ ਵਾਲਾ ਮਹੌਲ ਦੇਖਣ ਨੂੰ ਮਿਲ ਰਿਹਾ ਹੈ | ਦੂਸਰੇ ਪਾਸੇ ਈ.ਡੀ. ਦੇ ਕਿਸੇ ਅਧਿਕਾਰੀ ਜਾਂ ਮੁਲਾਜ਼ਮ ਵਲੋਂ ਛਾਪੇਮਾਰੀ ਸੰਬੰਧੀ ਕੁਝ ਵੀ ਅਧਿਕਾਰਤ ਤੌਰ ‘ਤੇ ਨਹੀਂ ਆਖਿਆ ਗਿਆ | ਅਧਿਕਾਰੀਆਂ ਵਲੋਂ ਛਾਪੇਮਾਰੀ ਸਮਾਪਤ ਹੋਣ ਤੋਂ ਬਾਅਦ ਹੀ ਕੁਝ ਦੱਸਣ ਦੀ ਗੱਲ ਆਖੀ ਜਾ ਰਹੀ ਹੈ |
