ਦਿੱਲੀ ਵਾਸੀਆਂ ਨੂੰ ਪ੍ਰਦੂਸ਼ਣ ਦੀ ਸਮੱਸਿਆ ਤੋਂ ਆਰਜ਼ੀ ਮੁਕਤੀ ਲਈ ਦਿੱਲੀ ਸਰਕਾਰ ਨੇ ਇਕ ਹਫ਼ਤੇ ਲਈ ਸਕੂਲ, ਕਾਲਜ ਬੰਦ ਕਰਨ ਅਤੇ ਸਰਕਾਰੀ ਮੁਲਾਜ਼ਮਾਂ ਨੂੰ ਘਰ ਤੋਂ ਕੰਮ ਕਰਨ ਤੇ ਸਾਰੇ ਉਸਾਰੀ ਕਾਰਜਾਂ ‘ਤੇ ਰੋਕ ਲਾਉਣ ਦੇ ਆਦੇਸ਼ ਦਿੱਤੇ ਹਨ, ਜਿੱਥੇ ਸਕੂਲ ਅਤੇ ਘਰ ਤੋਂ ਕੰਮ ਕਰਨ ਦੇ ਆਦੇਸ਼ ਇਕ ਹਫ਼ਤੇ ਤੋਂ ਦਿੱਤੇ ਗਏ ਹਨ, ਉੱਥੇ ਉਸਾਰੀ ਕਾਰਜਾਂ ‘ਤੇ ਰੋਕ 4 ਦਿਨ ਭਾਵ 14 ਨਵੰਬਰ ਤੋਂ 17 ਨਵੰਬਰ ਤੱਕ ਲਾਈ ਗਈ ਹੈ | ਇਹ ਐਲਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਨਿਚਰਵਾਰ ਨੂੰ ਸੱਦੀ ਐਮਰਜੈਂਸੀ ਮੀਟਿੰਗ ਤੋਂ ਬਾਅਦ ਕੀਤੇ, ਜਿਸ ‘ਚ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਸਿਹਤ ਮੰਤਰੀ ਸਤੇਂਦਰ ਜੈਨ ਅਤੇ ਚੁਗਿਰਦੇ ਬਾਰੇ ਮੰਤਰੀ ਗੋਪਾਲ ਰਾਏ ਸ਼ਾਮਿਲ ਹਨ | ਕੇਜਰੀਵਾਲ ਨੇ ਪ੍ਰਦੂਸ਼ਣ ਨਾਲ ਜੰਗ ਲਈ ਦਿੱਲੀ ਸਰਕਾਰ ਦੇ ਚਾਰ ਨੁਕਾਤੀ ਪ੍ਰੋਗਰਾਮ ‘ਚ ਨਿੱਜੀ ਦਫ਼ਤਰਾਂ ਲਈ ਵੀ ਐਡਵਾਇਜ਼ਰੀ ਜਾਰੀ ਕਰਨ ਦਾ ਐਲਾਨ ਕੀਤਾ ਹੈ, ਜਿਸ ‘ਚ ਵੱਧ ਤੋਂ ਵੱਧ ਸੰਭਵੀ ਤੌਰ ‘ਤੇ ਘਰ ਤੋਂ ਕੰਮ ਕਰਨ ਦਾ ਵਿਕਲਪ ਦਿੱਤਾ ਜਾਵੇਗਾ | ਹਾਲਾਂਕਿ ਮੁੱਖ ਮੰਤਰੀ ਨੇ ਸਨਿਚਰਵਾਰ ਨੂੰ ਅੰਸ਼ਕ ਤਾਲਾਬੰਦੀ ਜਿਹੇ ਕੁਝ ਫ਼ੈਸਲਿਆਂ ਦਾ ਐਲਾਨ ਵੀ ਕੀਤਾ ਅਤੇ ਨਾਲ ਹੀ ਚਿਤਾਵਨੀ ਦਿੰਦਿਆਂ ਇਹ ਵੀ ਕਿਹਾ ਹੈ ਕਿ ਸਰਕਾਰ ਪੂਰੀ ਤਾਲਾਬੰਦੀ ਦੇ ਤੌਰ ਤਰੀਕਿਆਂ ‘ਤੇ ਵੀ ਵਿਚਾਰ ਕਰ ਰਹੀ ਹੈ |
