ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਦੂਜੇ ਦਿਨ ਅੱਜ ਡੀ.ਏ.ਪੀ. ਖਾਦ ਦੇ ਡੂੰਘੇ ਸੰਕਟ ਨੂੰ ਲੈ ਕੇ ਕੇਂਦਰ ਤੇ ਪੰਜਾਬ ਸਰਕਾਰ ਵਿਰੁੱਧ ਆਮ ਆਦਮੀ ਪਾਰਟੀ ਵਲੋਂ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਅਗਵਾਈ ‘ਚ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਸੈਕਟਰ 4 ਐਮ.ਐਲ.ਏ. ਹੋਸਟਲ ਵਿਚ ਮੀਟਿੰਗ ਕਰਨ ਉਪਰੰਤ ‘ਆਪ’ ਦੇ ਵਿਧਾਇਕਾਂ ਨੇ ਪੈਦਲ ਐਮ.ਐਲ.ਏ ਹੋਸਟਲ ਤੋਂ ਪੰਜਾਬ ਵਿਧਾਨ ਸਭਾ ਵੱਲ ਰੋਸ ਮਾਰਚ ਕੀਤਾ | ਇਸ ਮਾਰਚ ‘ਚ ਵਿਰੋਧੀ ਧਿਰ ਦੀ ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ, ਕੁਲਤਾਰ ਸਿੰਘ ਸੰਧਵਾਂ, ਅਮਨ ਅਰੋੜਾ, ਮੀਤ ਹੇਅਰ, ਪਿ੍ੰਸੀਪਲ ਬੁੱਧਰਾਮ, ਕੁਲਵੰਤ ਸਿੰਘ ਪੰਡੋਰੀ, ਮਨਜੀਤ ਸਿੰਘ ਬਿਲਾਸਪੁਰ, ਜੈ ਸਿੰਘ ਰੋੜੀ ਤੇ ਅਮਰਜੀਤ ਸਿੰਘ ਸੰਦੋਆ ਸ਼ਾਮਿਲ ਸਨ | ਵਿਧਾਇਕਾਂ ਨੇ ਹੱਥਾਂ ‘ਚ ਚਰਨਜੀਤ ਸਿੰਘ ਚੰਨੀ ਅਤੇ ਮੋਦੀ ਸਰਕਾਰ ਖ਼ਿਲਾਫ਼ ਤਖ਼ਤੀਆਂ ਫੜੀਆਂ ਹੋਈਆਂ ਸਨ | ਉਨ੍ਹਾਂ ਨੇ ਡੀ.ਏ.ਪੀ. ਖਾਦ ਦੀਆਂ ਖ਼ਾਲੀ ਬੋਰੀਆਂ ਹੱਥਾਂ ਵਿਚ ਫੜ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਤੇ ਦੋਸ਼ ਲਾਇਆ ਕਿ ਕੇਂਦਰ ਦੀ ਮੋਦੀ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਪ੍ਰੇਸ਼ਾਨ ਕਰਨ ਲਈ ਪੰਜਾਬ ਨੂੰ ਡੀ.ਏ.ਪੀ. ਖਾਦ ਦੀ ਸਪਲਾਈ ‘ਚ ਜਾਣਬੁੱਝ ਕੇ ਰੁਕਾਵਟਾਂ ਪਾ ਰਹੀ ਹੈ, ਜਿਸ ਕਰ ਕੇ ਪੰਜਾਬ ਦੇ ਕਿਸਾਨਾਂ ‘ਚ ਭਾਰੀ ਰੋਸ ਹੈ |
