ਪੰਜਾਬ ਵਿਧਾਨ ਸਭਾ ਦਾ ਕੱਲ੍ਹ ਸ਼ੁਰੂ ਹੋਣ ਵਾਲਾ ਇਕ ਦਿਨਾ ਇਜਲਾਸ ਹੁਣ ਦੋ ਦਿਨਾਂ ਦਾ ਕਰ ਦਿੱਤਾ ਗਿਆ ਹੈ ਤੇ ਪ੍ਰੋਗਰਾਮ ‘ਚ ਤਬਦੀਲੀ ਦੀ ਮੰਤਰੀ ਮੰਡਲ ਵਲੋਂ ਅੱਜ ਪ੍ਰਵਾਨਗੀ ਦੇ ਦਿੱਤੀ ਗਈ ਹੈ | ਸੋਧੇ ਪ੍ਰੋਗਰਾਮ ਅਨੁਸਾਰ ਹੁਣ ਇਜਲਾਸ ਦੀ ਕੱਲ੍ਹ ਦੀ ਬੈਠਕ ਸ਼ੋਕ ਮਤੇ ਪਾਸ ਕਰਨ ਤੋਂ ਬਾਅਦ ਉੱਠ ਜਾਵੇਗੀ ਤੇ ਇਜਲਾਸ ਲਈ 9 ਤੇ 10 ਨਵੰਬਰ ਛੁੱਟੀਆਂ ਵਾਲੇ ਦਿਨ ਹੋਣਗੇ ਤੇ ਇਸ ਇਜਲਾਸ ਦਾ ਅਹਿਮ ਕੰਮਕਾਜ ਹੁਣ 11 ਨਵੰਬਰ ਦੀ ਬੈਠਕ ‘ਚ ਕੀਤਾ ਜਾਵੇਗਾ | ਦਿਲਚਸਪ ਗੱਲ ਇਹ ਹੈ ਕਿ ਰਾਜ ਸਰਕਾਰ ਵਲੋਂ ਸਪੀਕਰ ਵਿਧਾਨ ਸਭਾ ਰਾਣਾ ਕੇ.ਪੀ. ਸਿੰਘ ਤੋਂ ਇਹ ਇਜਲਾਸ ਲਾਈਵ ਵਿਖਾਉਣ ਸੰਬੰਧੀ ਵੀ ਇਜਾਜ਼ਤ ਲਈ ਗਈ ਹੈ | ਇਜਲਾਸ ਦੌਰਾਨ ਖੇਤੀ ਕਾਨੂੰਨਾਂ, ਬਿਜਲੀ ਸਮਝੌਤਿਆਂ ਤੇ ਬੀ.ਐਸ.ਐਫ਼. ਦਾ ਅਧਿਕਾਰ ਖੇਤਰ 50 ਕਿੱਲੋਮੀਟਰ ਕਰਨ ਸੰਬੰਧੀ ਵਿਸ਼ੇਸ਼ ਮਤੇ ਵੀ ਆਉਣੇ ਹਨ, ਜਿਨ੍ਹਾਂ ‘ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਸਰਕਾਰੀ ਧਿਰ ਦੇ ਬੁਲਾਰੇ ਵਿਚਾਰ ਰੱਖਣਗੇ ਤੇ ਸਰਕਾਰ ਚਾਹੁੰਦੀ ਹੈ ਕਿ ਇਹ ਵਿਚਾਰ ਰਾਜ ਦੇ ਲੋਕਾਂ ਤੱਕ ਵੀ ਪੁੱਜਣ, ਜਿਸ ਲਈ ਲਾਈਵ ਕਵਰੇਜ ਕੀਤੀ ਜਾਵੇ | ਪਤਾ ਲੱਗਾ ਹੈ ਕਿ ਰਾਜ ਸਰਕਾਰ ਵਲੋਂ ਖੇਤੀ ਕਾਨੂੰਨਾਂ ਤੇ ਬਿਜਲੀ ਸਮਝੌਤਿਆਂ ਸੰਬੰਧੀ ਆਪਣੇ ਮਤੇ ‘ਤੇ ਬਿੱਲ ਆਦਿ ਅਜੇ ਤੱਕ ਤਿਆਰ ਨਹੀਂ ਹੋ ਸਕੇ ਤੇ ਇਸ ਮੁੱਦੇ ‘ਤੇ ਅੱਜ ਮੰਤਰੀ ਮੰਡਲ ਦੀ ਬੈਠਕ ਵਿਚ ਵੀ ਵਿਚਾਰ ਹੋਇਆ | ਮੰਤਰੀਆਂ ਦੀ ਰਾਇ ਸੀ ਕਿ ਖੇਤੀ ਕਾਨੂੰਨਾਂ ਸੰਬੰਧੀ ਕੋਈ ਵੀ ਕਾਰਵਾਈ ਕਿਸਾਨ ਜਥੇਬੰਦੀਆਂ ਦੀ ਰਾਇ ਅਨੁਸਾਰ ਕੀਤੀ ਜਾਵੇ ਤਾਂ ਜੋ ਵਿਧਾਨ ਸਭਾ ਵਲੋਂ ਹੋਣ ਵਾਲੀ ਕਾਰਵਾਈ ਉਨ੍ਹਾਂ ਨੂੰ ਵੀ ਪ੍ਰਵਾਨ ਹੋਵੇ | ਹੁਣ ਤੱਕ ਵਿਧਾਨ ਸਭਾ ਨੂੰ ਕੇਵਲ ਬੀ.ਐਸ.ਐਫ਼. ਸਬੰਧੀ ਹੋਣ ਵਾਲਾ ਮਤਾ ਹੀ ਭੇਜਿਆ ਗਿਆ ਹੈ ਜਦਕਿ ਬਾਕੀ ਸਾਰੇ ਬਿੱਲ ਤੇ ਏਜੰਡੇ ਵਿਧਾਨ ਸਭਾ ਨੂੰ ਅਜੇ ਮਿਲਣੇ ਬਾਕੀ ਹਨ | ਅਨੁਸੂਚਿਤ ਜਾਤਾਂ ਦੀ ਭਲਾਈ ਬਿੱਲ, ਜਿਸ ‘ਚ 85ਵੀਂ ਵਿਧਾਨਿਕ ਸੋਧ ਨੂੰ ਲਾਗੂ ਕਰਨਾ ਸ਼ਾਮਿਲ ਹੈ, ਇਜਲਾਸ ‘ਚ ਲਿਆਂਦਾ ਜਾਵੇਗਾ ਕਿ ਨਹੀਂ, ਸੰਬੰਧੀ ਸਥਿਤੀ ਸਪੱਸ਼ਟ ਨਹੀਂ ਹੈ, ਪਰ ਅੱਧੀ ਦਰਜਨ ਤੋਂ ਵੱਧ ਹੋਰ ਬਿੱਲ ਵਿਧਾਨ ਸਭਾ ‘ਚ ਜ਼ਰੂਰ ਪੇਸ਼ ਕੀਤੇ ਜਾਣਗੇ | ਮੌਜੂਦਾ ਸਰਕਾਰ ਦੇ ਕਾਰਜਕਾਲ ਦਾ ਆਖ਼ਰੀ ਵਿਧਾਨ ਸਭਾ ਇਜਲਾਸ ਹੋਣ ਕਾਰਨ ਇਹ ਇਜਲਾਸ ਹੰਗਾਮਿਆਂ ਭਰਪੂਰ ਰਹਿਣ ਦੀ ਸੰਭਾਵਨਾ ਹੈ, ਕਿਉਂਕਿ ਸਾਰੀਆਂ ਸਿਆਸੀ ਧਿਰਾਂ ਇਜਲਾਸ ਦੌਰਾਨ ਵੱਧ ਤੋਂ ਵੱਧ ਸਿਆਸੀ ਲਾਹਾ ਲੁੱਟਣ ਦੀ ਕੋਸ਼ਿਸ਼ ਕਰਨਗੀਆਂ |
