-ਕੋਲੇ ਦੀ ਗੰਭੀਰ ਘਾਟ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਬਿਜਲੀ ਉਤਪਾਦਨ ਘਟਾਉਣ ਤੇ ਲੋਡ ਸ਼ੈਡਿੰਗ ਲਾਉਣ ਲਈ ਮਜਬੂਰ ਕਰ ਦਿੱਤਾ ਹੈ | ਅਧਿਕਾਰੀਆਂ ਨੇ ਦੱਸਿਆ ਕਿ ਕੋਲੇ ਦੇ ਭੰਡਾਰ ਦੀ ਘਾਟ ਕਾਰਨ ਕੋਲੇ ਨਾਲ ਚੱਲਣ ਵਾਲੇ ਬਿਜਲੀ ਪਲਾਂਟ ਆਪਣੀ ਉਤਪਾਦਨ ਸਮਰੱਥਾ ਤੋਂ 50 ਫ਼ੀਸਦੀ ਤੋਂ ਵੀ ਘੱਟ ‘ਤੇ ਕੰਮ ਕਰ ਰਹੇ ਹਨ | ਅਧਿਕਾਰੀਆਂ ਅਨੁਸਾਰ ਨਿੱਜੀ ਪਾਵਰ ਥਰਮਲ ਪਲਾਂਟਾਂ ਕੋਲ 1.5 ਦਿਨ ਦਾ ਕੋਲਾ ਭੰਡਾਰ ਹੈ ਤੇ ਸਰਕਾਰੀ ਮਾਲਕੀ ਵਾਲੀਆਂ ਇਕਾਈਆਂ ਕੋਲ ਚਾਰ ਦਿਨਾਂ ਤੱਕ ਦਾ ਕੋਲਾ ਹੈ | ਪੀ.ਐਸ.ਪੀ.ਸੀ.ਐਲ. ਦੇ ਚੇਅਰਮੈਨ ਤੇ ਪ੍ਰਬੰਧ ਨਿਰਦੇਸ਼ਕ ਏ. ਵੇਨੂਪ੍ਰਸਾਦ ਨੇ ਦੱਸਿਆ ਕਿ ਰਾਜ ਭਰ ‘ਚ ਸਥਿਤ ਸਾਰੇ ਕੋਲਾ ਅਧਾਰਤ ਪਲਾਂਟਾਂ ਨੂੰ ਕੋਲੇ ਦੀ ਭਾਰੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਗੁਆਂਢੀ ਰਾਜਾਂ ਦਿੱਲੀ, ਹਰਿਆਣਾ ਤੇ ਰਾਜਸਥਾਨ ਦੇ ਨਾਲ-ਨਾਲ ਭਾਰਤ ਦੇ ਹੋਰ ਹਿੱਸਿਆਂ ‘ਚ ਵੀ ਅਜਿਹੀ ਸਥਿਤੀ ਬਣੀ ਹੋਈ ਹੈ | ਵੇਨੂਪ੍ਰਸਾਦ ਨੇ ਕਿਹਾ ਕਿ ਪੀ.ਐਸ.ਪੀ.ਸੀ.ਐਲ. ਖੇਤੀਬਾੜੀ ਸੈਕਟਰ ਸਮੇਤ ਖਪਤਕਾਰਾਂ ਦੀ ਮੰਗ ਨੂੰ ਪੂਰਾ ਕਰਨ ਲਈ ਬਾਜ਼ਾਰ ਤੋਂ ਮਹਿੰਗੇ ਰੇਟ ‘ਤੇ ਬਿਜਲੀ ਖਰੀਦ ਰਿਹਾ ਹੈ | ਉਨ੍ਹਾਂ ਦੱਸਿਆ ਕਿ ਪੀ. ਐਸ. ਪੀ. ਸੀ.ਐਲ. ਨੇ ਸਨਿਚਰਵਾਰ ਨੂੰ ਪੰਜਾਬ ਦੀ 8,788 ਮੈਗਾਵਾਟ ਦੀ ਵੱਧ ਤੋਂ ਵੱਧ ਮੰਗ ਪੂਰੀ ਕੀਤੀ, ਜਦੋਂਕਿ ਐਤਵਾਰ ਦੀ ਲੋੜ ਨੂੰ ਪੂਰਾ ਕਰਨ ਲਈ ਤਕਰੀਬਨ 1800 ਮੈਗਾਵਾਟ ਬਿਜਲੀ ਪਾਵਰ ਐਕਸਚੇਂਜ ਤੋਂ 11.60 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ ਖਰੀਦੀ ਗਈ | ਵੇਨੂਪ੍ਰਸਾਦ ਨੇ ਕਿਹਾ ਕਿ ਬਿਜਲੀ ਦੀ ਅਜਿਹੀ ਖਰੀਦ ਦੇ ਬਾਵਜੂਦ ਪੀ.ਐਸ.ਪੀ.ਸੀ.ਐਲ. ਮੰਗ ਅਤੇ ਸਪਲਾਈ ਵਿਚਾਲੇ ਪਾੜੇ ਨੂੰ ਦੂਰ ਕਰਨ ਲਈ ਖਪਤਕਾਰਾਂ ਦੀਆਂ ਸਾਰੀਆਂ ਸ਼੍ਰੇਣੀਆਂ ‘ਤੇ ਰਾਜ ਭਰ ‘ਚ ਲੋਡ ਸ਼ੈਡਿੰਗ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਬੁੱਧਵਾਰ ਤੱਕ ਹਰ ਰੋਜ਼ ਲਗਭਗ 2 ਤੋਂ 3 ਘੰਟੇ ਬਿਜਲੀ ਕੱਟ ਦੀ ਮਿਆਦ ਲਗਾਈ ਜਾਵੇਗੀ | ਸੀ.ਐਮ.ਡੀ. ਨੇ ਕਿਹਾ ਕਿ ਕੱਲ੍ਹ 22 ਰੈਕਾਂ ਦੀ ਕੁੱਲ ਲੋੜ ਦੇ ਮੁਕਾਬਲੇ 11 ਰੈਕ ਕੋਲਾ ਪ੍ਰਾਪਤ ਹੋਇਆ | ਉਨ੍ਹਾਂ ਕਿਹਾ ਕਿ ਖੇਤੀ ਖੇਤਰ ਤੋਂ ਬਿਜਲੀ ਦੀ ਮੰਗ ਅਜੇ ਵੀ ਹੈ | ਹਾਲਾਂਕਿ, ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਦਖ਼ਲ ਤੋਂ ਬਾਅਦ ਕੋਲਾ ਰੈਕ ਦੀ ਲੋਡਿੰਗ ‘ਚ ਸੁਧਾਰ ਹੋਇਆ ਹੈ |
