ਸੁਪਰੀਮ ਕੋਰਟ ਨੇ ਰੋਕ ਦੇ ਬਾਵਜੂਦ ਪਟਾਕਿਆਂ ‘ਚ ਪਾਬੰਦੀਸ਼ੁਦਾ ਸਮੱਗਰੀ ਦੀ ਵਰਤੋਂ ਕਰਨ ‘ਤੇ ਝਾੜ ਲਾਈ ਹੈ | ਸੁਪਰੀਮ ਕੋਰਟ ਨੇ ਸਪੱਸ਼ਟ ਸ਼ਬਦਾਂ ‘ਚ ਕਿਹਾ ਕਿ ਅਦਾਲਤ, ਜਸ਼ਨ ਮਨਾਉਣ ਦੇ ਖ਼ਿਲਾਫ਼ ਨਹੀਂ ਹੈ ਪਰ ਇਹ ਦੂਜਿਆਂ ਦੀ ਜ਼ਿੰਦਗੀ ਦੀ ਕੀਮਤ ‘ਤੇ ਨਹੀਂ ਹੋਣਾ ਚਾਹੀਦਾ | ਜਸਟਿਸ ਐੱਮ.ਆਰ.ਸ਼ਾਹ ਅਤੇ ਏ.ਐੱਸ. ਬੋਪੰਨਾ ਦੀ ਬੈਂਚ ਨੇ ਕਿਹਾ ਕਿ ਜਸ਼ਨਾਂ ਦਾ ਮਤਲਬ ਸ਼ੋਰ ਸ਼ਰਾਬੇ ਵਾਲੇ ਪਟਾਕੇ ਹੀ ਨਹੀਂ ਹੁੰਦੇ ਸਗੋਂ ਫੁਲਝੜੀ ਜਿਹੇ ਪਟਾਕਿਆਂ ਨਾਲ ਵੀ ਜਸ਼ਨ ਮਨਾਏ ਜਾ ਸਕਦੇ ਹਨ | ਬੈਂਚ ਨੇ ਕਿਹਾ ਕਿ ਪਟਾਕਾ ਨਿਰਮਾਤਾ ਦਾ ਕਹਿਣਾ ਹੈ ਕਿ ਉਹ ਸਿਰਫ਼ ਗੁਦਾਮ ‘ਚ ਹੀ ਰੱਖ ਰਹੇ ਹਨ | ਅਦਾਲਤ ਨੇ ਸਵਾਲ ਪੁੱਛਦਿਆਂ ਕਿਹਾ ਕਿ ਕੀ ਇਹ ਖ਼ਰੀਦ ਲਈ ਨਹੀਂ ਹਨ? ਇਸ ਦੇ ਨਾਲ ਹੀ ਖਫ਼ਾ ਹੁੰਦਿਆਂ ਕਿਹਾ ਕਿ ਅਜਿਹੇ ਪਟਾਕਿਆਂ ਨੂੰ ਗੁਦਾਮ ‘ਚ ਰੱਖਣ ਦੀ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ | ਬੈਂਚ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਸਾਡੇ ਆਦੇਸ਼ (ਪਟਾਕਿਆਂ ‘ਤੇ ਪਾਬੰਦੀ) ਦੀ ਪਾਲਣਾ ਹੋਣੀ ਚਾਹੀਦੀ ਹੈ, ਨਾਲ ਹੀ ਕਿਹਾ ਕਿ ਜੇਕਰ ਪਾਬੰਦੀ ਹੈ ਤਾਂ ਪਟਾਕੇ ਮਾਰਕੀਟ ‘ਚ ਕਿਵੇਂ ਮਿਲ ਰਹੇ ਹਨ? ਸੁਪਰੀਮ ਕੋਰਟ ਨੇ ਟਿੱਪਣੀ ਕਰਦਿਆਂ ਇਹ ਵੀ ਕਿਹਾ ਕਿ ਦੇਸ਼ ‘ਚ ਮੁੱਖ ਸਮੱਸਿਆ ਪਾਬੰਦੀਆਂ ਨੂੰ ਲਾਗੂ ਕਰਨ ਦੀ ਹੈ | ਕੋਈ ਵੀ ਵਿਅਕਤੀ ਕਿਸੇ ਇਕ ਵਰਗ ਨੂੰ ਨਾਖ਼ੁਸ਼ ਨਹੀਂ ਕਰਨਾ ਚਾਹੁੰਦਾ | ਇਸ ਮਾਮਲੇ ਦੀ ਅਗਲੀ ਸੁਣਵਾਈ 26 ਅਕਤੂਬਰ ਨੂੰ ਹੋਵੇਗੀ |
