ਇੰਗਲੈਂਡ ਦੌਰੇ ’ਤੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਉਥੇ ਵਸਦੇ ਸਥਾਨਕ ਸਿੱਖਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਥੇਦਾਰ ਹਰਪ੍ਰੀਤ ਸਿੰਘ ਬੀਤੇ ਦਿਨੀਂ ਇੰਗਲੈਡ ਪੁੱਜੇ ਸਨ, ਜਿਥੇ ਉਹ 12 ਸਤੰਬਰ ਨੂੰ ਵੈਡਨਸਫੀਲਡ ਦੇ ਗੁਰੂ ਘਰ ਵਿਚ ਸਾਰਾਗੜ੍ਹੀ ਜੰਗ ਦੇ ਹੀਰੋ ਭਾਈ ਈਸ਼ਰ ਸਿੰਘ ਦੇ ਬੁੱਤ ਤੋਂ ਪਰਦਾ ਹਟਾਉਣ ਦੀ ਰਸਮ ਅਦਾ ਕਰਨਗੇ। ਇੰਗਲੈਂਡ ਦੀਆਂ ਕੁਝ ਜਥੇਬੰਦੀਆਂ ਇਸ ਦਾ ਵਿਰੋਧ ਕਰ ਰਹੀਆਂ ਹਨ। ਹਾਲਾਂਕਿ ਇਸ ਵਿਰੋਧ ਨੂੰ ਕੁਝ ਧੜਿਆਂ ਦੇ ਵੱਲੋਂ ਕੀਤਾ ਜਾ ਰਿਹਾ ਵਿਰੋਧ ਦੱਸਿਆ ਜਾ ਰਿਹਾ ਹੈ। ਇਨ੍ਹਾਂ ਜਥੇਬੰਦੀਆਂ ਮੁਤਾਬਿਕ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬੁੱਤ ਤੋਂ ਪਰਦਾ ਹਟਾਉਣ ਦੀ ਰਸਮ ਅਦਾ ਨਹੀਂ ਕਰਨੀ ਚਾਹੀਦੀ।
ਜਥੇਦਾਰ ਦੀ ਵਿਰੋਧਤਾ ਕਰ ਰਹੀ ਧਿਰ ਨੇ ਦਲੀਲ ਦਿੱਤੀ ਕਿ ਅੰਗਰੇਜ਼ਾਂ ਨੇ 1849 ਤੋਂ 1947 ਤਕ ਸਿੱਖਾਂ ਨੂੰ ਗੁਲਾਮ ਬਣਾ ਕੇ ਰੱਖਿਆ। ਗਿਆਨੀ ਹਰਪ੍ਰੀਤ ਸਿੰਘ ਬ੍ਰਿਟਿਸ਼ ਸਾਮਰਾਜ ਦੇ ਹੱਕ ਵਿਚ ਲੜਣ ਵਾਲਿਆਂ ਦੇ ਬੁੱਤ ਦਾ ਸਨਮਾਨ ਕਰਨ ਜਾ ਰਹੇ ਹਨ। ਇਹ ਕਾਰਵਾਈ ਦੇਖ ਕੇ ਲਗਦਾ ਹੈ ਕਿ ਜਿਵੇ ਬ੍ਰਿਟਿਸ਼ ਬਸਤੀਵਾਦੀਆਂ ਦੁਆਰਾ ਸਿੱਖਾਂ ਵਿਰੁੱਧ ਕੀਤੇ ਵਹਿਸ਼ੀਪੁਣੇ ਨੂੰ ਜਾਇਜ਼ ਠਹਿਰਾਇਆ ਜਾ ਰਿਹਾ ਹੋਵੇ।
ਵਿਰੋਧ ਕਰਨ ਵਾਲੀਆਂ ਧਿਰਾਂ ਨੇ ਜਥੇਦਾਰ ਕੋਲੋ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ, ਲਾਪਤਾ 328 ਪਾਵਨ ਸਰੂਪਾਂ ਸਮੇਤ ਅਨੇਕਾਂ ਸਵਾਲ ਕੀਤੇ ਹਨ।
