ਹਰਿਆਣਾ ਦੀ ਰੋਹਤਕ ਜੇਲ੍ਹ ਵਿੱਚ ਬੰਦ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਚਿੱਟੀ ਹੁੰਦੀ ਦਾੜੀ ਸਤਾਉਣ ਲੱਗੀ ਹੈ। ਇਸ ਲਈ ਉਸ ਨੇ ਜੇਲ੍ਹ ਅਧਿਕਾਰੀਆ ਕੋਲੋਂ ਦਾੜੀ ਨੂੰ ਕਾਲੀ ਕਰਨ ਦੀ ਮੰਗ ਕੀਤੀ ਹੈ। ਪਰੰਤੂ ਅਧਿਕਾਰੀਆਂ ਵੱਲੋਂ ਇਨਕਾਰ ਕਰਨ ‘ਤੇ ਮਾਮਲਾ ਹਰਿਆਣਾ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਪੁੱਜ ਗਿਆ ਹੈ, ਜਿਸ ‘ਤੇ ਫੈਸਲਾ ਬਾਕੀ ਹੈ।
ਰਾਮ ਰਹੀਮ ਵੱਲੋਂ ਦਾੜੀ ਕਾਲੀ ਕਰਨ ਦਾ ਮਾਮਲਾ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਉਦੋਂ ਚੁੱਕਿਆ ਜਦੋਂ 3 ਸਤੰਬਰ ਨੂੰ ਹਰਿਆਣਾ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਜਸਟਿਸ ਐਸਕੇ ਮਿੱਤਲ ਨੇ ਇੱਥੇ ਜੇਲ੍ਹ ਦਾ ਨਿਰੀਖਣ ਕੀਤਾ। ਰਾਮ ਰਹੀਮ ਦਾ ਕਹਿਣਾ ਹੈ ਕਿ ਇਸ ਸਬੰਧੀ ਜੇਲ੍ਹ ਪ੍ਰਸ਼ਾਸਨ ਨੂੰ ਕਈ ਵਾਰ ਬੇਨਤੀਆਂ ਕੀਤੀਆਂ ਜਾ ਚੁੱਕੀਆਂ ਹਨ, ਪਰ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਮਜਬੂਰ ਹੋ ਕੇ ਹੁਣ ਇਹ ਮਾਮਲਾ ਮਨੁੱਖੀ ਅਧਿਕਾਰ ਕਮਿਸ਼ਨ ਦੇ ਧਿਆਨ ਵਿੱਚ ਲਿਆਉਣਾ ਪਿਆ।
ਜ਼ਿਕਰਯੋਗ ਹੈ ਕਿ ਡੇਰਾ ਸਿਰਸਾ ਮੁਖੀ ਨੂੰ ਸਾਧਵੀਆਂ ਨਾਲ ਬਲਾਤਕਾਰ ਕਰਨ ਅਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਤਿਆ ਲਈ ਉਮਰ ਕੈਦ ਦੀ ਸਜ਼ਾ ਮਿਲੀ ਹੋਈ ਹੈ। ਉਹ ਸਿਹਤ ਜਾਂਚ ਅਤੇ ਐਮਰਜੈਂਸੀ ਜ਼ਮਾਨਤ ‘ਤੇ ਤਿੰਨ-ਚਾਰ ਵਾਰ ਜੇਲ੍ਹ ਤੋਂ ਬਾਹਰ ਵੀ ਆ ਚੁੱਕਿਆ ਹੈ ਪਰ ਅਜੇ ਤੱਕ ਆਮ ਪੈਰੋਲ ਨਹੀਂ ਮਿਲੀ ਹੈ।
