ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਕੁਝ ਦੁਕਾਨਦਾਰਾਂ ਨੇ ਉਨ੍ਹਾਂ ਦੇ ਚੋਣ ਹਲਕੇ ਅੰਮ੍ਰਿਤਸਰ (ਪੂਰਬੀ) ’ਚ ਉਸ ਸਮੇਂ ਰੋਸ ਪ੍ਰਦਰਸ਼ਨ ਕੀਤਾ ਜਦੋਂ ਉਹ ਇੱਥੇ ਇੱਕ ਪ੍ਰਾਜੈਕਟ ਦਾ ਉਦਘਾਟਨ ਕਰਨ ਪਹੁੰਚੇ ਸਨ। ਪ੍ਰਦਰਸ਼ਨਕਾਰੀ ਦੁਕਾਨਦਾਰਾਂ ਨੇ ਦੋਸ਼ ਲਾਇਆ ਕਿ ਸਿੱਧੂ ਦੇ ਨਜ਼ਦੀਕੀ ਮੰਨੇ ਜਾਣ ਵਾਲੇ ਇਲਾਕੇ ਦੇ ਕਾਂਗਰਸੀ ਕੌਂਸਲਰ ਉਨ੍ਹਾਂ ’ਤੇ ਦੁਕਾਨਾਂ ਖਾਲੀ ਕਰਨ ਦਾ ਦਬਾਅ ਬਣਾ ਰਹੇ ਹਨ ਤੇ ਉਨ੍ਹਾਂ ਦੀਆਂ ਵਾਰ ਵਾਰ ਅਪੀਲਾਂ ਦੇ ਬਾਵਜੂਦ ਵਿਧਾਇਕ ਨੇ ਇਸ ਮਾਮਲੇ ’ਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ। ਕੁਝ ਸਥਾਨਕ ਕਾਂਗਰਸ ਆਗੂਆਂ ਨੇ ਸਿੱਧੂ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਜਿਸ ਕਾਰਨ ਉਨ੍ਹਾਂ ਨੂੰ ਪ੍ਰਾਜੈਕਟ ਦੇ ਉਦਘਾਟਨ ਮਗਰੋਂ ਤੁਰੰਤ ਜਾਣਾ ਪਿਆ। ਸਿੱਧੂ ਆਪਣੇ ਚੋਣ ਹਲਕੇ ’ਚ ਸੌ ਫੁੱਟੀ ਸੜਕ ’ਤੇ ਇੱਕ ਮੰਦਿਰ ਦੇ ਦਰਵਾਜ਼ੇ ਦੇ ਨਵੀਨੀਕਰਨ ਦੀ ਸ਼ੁਰੂਆਤ ਕਰਨ ਇੱਥੇ ਪੁੱਜੇ ਹੋਏ ਸਨ।
-ਪੀਟੀਆਈ
