ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ‘ਚ 46 ਸੀਟਾਂ ਲਈ ਕਿਸਮਤ ਅਜ਼ਮਾ ਰਹੇ 312 ਉਮੀਦਵਾਰਾਂ ਦਾ ਭਵਿੱਖ ਬਕਸੇ ‘ਚ ਬੰਦ ਕਰ ਦਿੱਤਾ | ਬੈਲੇਟ ਪੇਪਰ ਨਾਲ ਹੋਈਆਂ ਵੋਟਾਂ ਦੀ ਗਿਣਤੀ 25 ਅਗਸਤ ਨੂੰ ਹੋਵੇਗੀ ਤੇ ਉਸੇ ਦਿਨ ਹੀ ਸਾਰੇ ਹਲਕਿਆਂ ਦੇ ਨਤੀਜੇ ਐਲਾਨ ਦਿੱਤੇ ਜਾਣਗੇ | ਦਿੱਲੀ ਗੁਰਦੁਆਰਾ ਚੋਣ ਡਾਇਰੈਕਟੋਰੇਟ ਵਲੋਂ ਵੋਟ ਫ਼ੀਸਦੀ ‘ਚ ਵਧਾਉਣ ਵਾਸਤੇ ਕਾਫੀ ਉਪਰਾਲੇ ਕੀਤੇ ਸਨ ਪਰ ਗੁਰਦੁਆਰਾ ਚੋਣਾਂ ‘ਚ ਇਸ ਵਾਰੀ 37.27 ਫ਼ੀਸਦੀ ਵੋਟਿੰਗ ਹੀ ਹੋ ਸਕੀ | ਪਿਛਲੀ ਵਾਰ ਯਾਨਿ 2017 ਦੀਆਂ ਗੁਰਦੁਆਰਾ ਚੋਣਾਂ ‘ਚ 45.76 ਫ਼ੀਸਦੀ ਵੋਟਿੰਗ ਹੋਈ ਸੀ ਤੇ ਉਸ ਦੇ ਮੁਕਾਬਲੇ ਇਸ ਵਾਰੀ ਤਕਰੀਬਨ 8 ਫ਼ੀਸਦੀ ਵੋਟਿੰਗ ਘੱਟ ਹੋਈ ਹੈ | ਹਾਲਾਂਕਿ, ਵੋਟ ਫ਼ੀਸਦੀ ਘੱਟ ਹੋਣ ਦਾ ਕਾਰਨ ਵੋਟਾਂ ਵਾਲੇ ਦਿਨ ਹੀ ਰੱਖੜੀ ਦਾ ਤਿਉਹਾਰ ਹੋਣ ਨੂੰ ਵੀ ਮੰਨਿਆ ਜਾ ਰਿਹਾ ਹੈ | ਇਸ ਤੋਂ ਇਲਾਵਾ ਪੂਰਬੀ ਦਿੱਲੀ ‘ਚ ਮੀਂਹ ਨਾਲ ਵੀ ਵੋਟਿੰਗ ਪ੍ਰਭਾਵਿਤ ਹੋਈ ਮੰਨੀ ਜਾ ਰਹੀ ਹੈ | ਦਿੱਲੀ ਗੁਰਦੁਆਰਾ ਚੋਣਾਂ ਦੇ ਇਤਿਹਾਸ ‘ਚ 8ਵੀਂ ਵਾਰ ਹੋਈਆਂ ਦਿੱਲੀ ਗੁਰਦੁਆਰਾ ਚੋਣਾਂ ਦੌਰਾਨ 37.27 ਫ਼ੀਸਦੀ ਵੋਟਾਂ ਪੋਲ ਹੋਈਆਂ ਯਾਨਿ 3 ਲੱਖ 42 ਹਜ਼ਾਰ 65 ਵੋਟਰਾਂ ਚੋਂ 1 ਲੱਖ 27 ਹਜ਼ਾਰ 472 ਵੋਟਰਾਂ ਨੇ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਦੇ ਹੋਏ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਦੇਸ਼ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਹਰਵਿੰਦਰ ਸਿੰਘ ਸਰਨਾ, ਗੁਰਮੀਤ ਸਿੰਘ ਸ਼ੰਟੀ, ਜਾਗੋ ਪਾਰਟੀ ਦੇ ਮੁਖੀ ਮਨਜੀਤ ਸਿੰਘ ਜੀ. ਕੇ| ਦਿੱਲੀ ਗੁਰਦੁਆਰਾ ਕਮੇਟੀ ਦੇ ਸਾਰੇ 46 ਹਲਕਿਆਂ ‘ਚ ਪਈਆਂ ਵੋਟਾਂ ਦੀ ਗਿਣਤੀ 25 ਅਗਸਤ ਨੂੰ 5 ਕੇਂਦਰਾਂ ‘ਚ ਹੋਵੇਗੀ ਤੇ ਇਸੇ ਦਿਨ ਹੀ ਸਾਰੇ ਨਤੀਜਿਆ ਦਾ ਐਲਾਨ ਕਰ ਦਿੱਤਾ ਜਾਵੇਗਾ | ਵੋਟਿੰਗ ਦੌਰਾਨ ਕੁਝ ਹਲਕਿਆਂ ‘ਚ ਮਾਮੂਲੀ ਤਕਰਾਰਬਾਜ਼ੀ ਨੂੰ ਛੱਡ ਕੇ ਦਿੱਲੀ ਗੁਰਦੁਆਰਾ ਚੋਣਾਂ ਦਾ ਸਾਰਾ ਕਾਰਜ ਸ਼ਾਂਤੀ ਪੂਰਨ ਨੇਪਰੇ ਚੜਿ੍ਹਆ |

