ਅੰਮ੍ਰਿਤਸਰ ਦੇ ਪਿੰਡ ਡਾਲੇਕੇ, ਲੋਪੋਕੇ ਤੋਂ ਟਿਫ਼ਨ ਬਾਕਸ ਜਿਸ ਨੂੰ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈ.ਈ.ਡੀ.) ਵਜੋਂ ਤਿਆਰ ਕੀਤਾ ਗਿਆ ਸੀ ਜਾਂ ਟਿਫ਼ਨ ਬੰਬ ਤੋਂ ਇਲਾਵਾ ਪੰਜ ਹੈਂਡ ਗ੍ਰਨੇਡ ਅਤੇ 9 ਐਮ.ਐਮ. ਪਿਸਤੌਲ ਦੇ 100 ਰੌਂਦ ਬਰਾਮਦ ਹੋਣ ਤੋਂ ਬਾਅਦ ਪੰਜਾਬ ‘ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.), ਪੰਜਾਬ ਦਿਨਕਰ ਗੁਪਤਾ ਨੇ ਅੱਜ ਇਥੇ ਪੈ੍ਰੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਡਾਲੇਕੇ, ਬੱਚੀਵਿੰਡ ਅਤੇ ਸਹੋਹਰਾ ਪਿੰਡਾਂ ਦੇ ਖੇਤਰ ‘ਚ ਡਰੋਨ ਗਤੀਵਿਧੀਆਂ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਐਸ.ਐਸ.ਪੀ. ਅੰਮ੍ਰਿਤਸਰ ਦਿਹਾਤੀ ਗੁਲਨੀਤ ਸਿੰਘ ਦੀ ਅਗਵਾਈ ‘ਚ ਸਨਿੱਚਰਵਾਰ ਅਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਇਨ੍ਹਾਂ ਪਿੰਡਾਂ ਦੇ ਦੁਆਲੇ ਇਕ ਵੱਡੀ ਤਲਾਸ਼ੀ ਮੁਹਿੰਮ ਚਲਾਈ ਗਈ। ਉਨ੍ਹਾਂ ਕਿਹਾ ਕਿ ਤਲਾਸ਼ੀ ਮੁਹਿੰਮ ਦੌਰਾਨ ਪੁਲਿਸ ਦੀ ਟੀਮ ਵਲੋਂ ਬੱਚਿਆਂ ਦਾ ਟਿਫ਼ਨ ਜਿਸ ਉੱਤੇ ‘ਮਿਨੀਅਨਜ਼’ ਕਾਰਟੂਨ ਦੀ ਤਸਵੀਰ ਬਣੀ ਹੋਈ ਸੀ ਅਤੇ ਹੋਰ ਗੋਲਾ ਬਾਰੂਦ ਬਰਾਮਦ ਕੀਤਾ ਗਿਆ, ਜਿਨਾਂ ਨੂੰ ਬੜੀ ਬਾਰੀਕੀ ਅਤੇ ਧਿਆਨ ਨਾਲ ਪੈਕ ਕਰਕੇ ਰੱਖਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਇਹ ਬੈਗ ਸਰਹੱਦ ਪਾਰੋਂ ਆਏ ਡਰੋਨ ਰਾਹੀਂ ਪਹੁੰਚਾਇਆ ਗਿਆ ਸੀ। ਡੀ.ਜੀ.ਪੀ. ਨੇ ਕਿਹਾ ਕਿ ਪੁਲਿਸ ਦੀਆਂ ਟੀਮਾਂ ਨੇ ਬੈਗ ਨੂੰ ਆਪਣੇ ਕਬਜ਼ੇ ‘ਚ ਲੈ ਲਿਆ ਅਤੇ ਫਿਰ ਨੈਸ਼ਨਲ ਸਕਿਉਰਿਟੀ ਗਾਰਡਜ਼ (ਐਨ.ਐਸ.ਜੀ.) ਦੀ ਟੀਮ ਨੂੰ ਮੌਕੇ ‘ਤੇ ਬੁਲਾਇਆ ਗਿਆ, ਜਿਸ ਨੇ ਟਿਫ਼ਨ ਬਾਕਸ, ਜਿਸ ਨੂੰ ਇਕ ਬੰਬ ਵਜੋਂ ਤਿਆਰ ਕੀਤਾ ਗਿਆ ਸੀ, ‘ਚ 2-3 ਕਿਲੋਗ੍ਰਾਮ ਆਰ.ਡੀ.ਐਕਸ. ਦੀ ਮੌਜੂਦਗੀ ਦੀ ਪੁਸ਼ਟੀ ਕੀਤੀ ਹੈ। ਡੀ.ਜੀ.ਪੀ. ਦਿਨਕਰ ਗੁਪਤਾ ਨੇ ਕਿਹਾ ਕਿ ਆਰ.ਡੀ.ਐਕਸ. ਨੂੰ ਟਿਫ਼ਨ ਬਾਕਸ ‘ਚ ਇੰਨੇ ਆਧੁਨਿਕ ਢੰਗ ਨਾਲ ਰੱਖਿਆ ਗਿਆ ਸੀ ਕਿ ਇਸ ਵਿਚ ਕਾਰਜਸ਼ੀਲਤਾ ਲਈ ਸਵਿੱਚ, ਚੁੰਬਕ ਅਤੇ ਸਪਰਿੰਗ ਸਮੇਤ ਤਿੰਨ ਵੱਖ-ਵੱਖ ਪੁਰਜ਼ੇ ਲਗਾਏ ਗਏ ਸਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਕਿ ਰਾਜ ਭਰ ‘ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਕਿਹਾ ਕਿ ਉਹ ਹਰ ਸਮੇਂ ਸੁਚੇਤ ਰਹਿਣ ਅਤੇ ਜੇਕਰ ਉਨ੍ਹਾਂ ਨੂੰ ਰੇਲ ਗੱਡੀਆਂ, ਬੱਸਾਂ ਜਾਂ ਰੈਸਟੋਰੈਂਟਾਂ ਸਮੇਤ ਕਿਤੇ ਵੀ ਕੋਈ ਵੀ ਸ਼ੱਕੀ ਚੀਜ਼ ਜਾਂ ਲਾਵਾਰਸ ਵਸਤੂ ਨਜ਼ਰ ਆਵੇ ਤਾਂ ਤੁਰੰਤ ਪੁਲਿਸ ਨੂੰ ਇਤਲਾਹ ਦੇਣ। ਲੋਕ ਹੈਲਪਲਾਈਨ ਨੰਬਰ 112 ਜਾਂ 181 ‘ਤੇ ਸੰਪਰਕ ਕਰ ਸਕਦੇ ਹਨ। ਇਸ ਸਬੰਧ ‘ਚ ਆਰਮਜ਼ ਐਕਟ ਦੀ ਧਾਰਾ 25/27/54/59, ਵਿਸਫੋਟਕ ਪਦਾਰਥ ਐਕਟ ਦੀ ਧਾਰਾ 3/4/5 ਅਧੀਨ ਮਿਤੀ 8 ਅਗਸਤ, 2021 ਨੂੰ ਐਫ.ਆਈ.ਆਰ. ਨੰ. 208, ਲੋਪੋਕੇ ਪੁਲਿਸ ਸਟੇਸ਼ਨ ਅੰਮ੍ਰਿਤਸਰ ਵਿਖੇ ਦਰਜ ਕੀਤੀ ਗਈ ਹੈ।
