ਪੰਜਾਬ ਸਰਕਾਰ ਦੇ ਖੇਡ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਇਹ ਐਲਾਨ ਆਪਣੇ ਇੱਕ ਟਵੀਟ ਰਾਹੀਂ ਕੀਤਾ। ਉਨ੍ਹਾਂ ਕਿਹਾ ਕਿ ਇਹ ਇੱਕ ਇਤਿਹਾਸਕ ਦਿਨ ਹੈ। ਉਨ੍ਹਾਂ ਨੂੰ ਭਾਰਤ ਲਈ ਓਲੰਪਿਕ ਵਿੱਚ ਤਮਗਾ ਜਿੱਤਣ ਵਾਲੇ ਹਰ ਇੱਕ ਪੰਜਾਬੀ ਖਿਡਾਰੀ ਨੂੰ ਇੱਕ-ਇੱਕ ਕਰੋੜ ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕਰਨ ‘ਤੇ ਬਹੁਤ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ।
ਉਨ੍ਹਾਂ ਟਵੀਟ ਵਿੱਚ ਲਿਖਿਆ ਟੋਕੀਓ ਓਲੰਪਿਕ ਵਿੱਚ ਭਾਰਤੀ ਪੁਰਸ਼ ਹਾਕੀ ਦਾ ਬਹੁਤ ਹੀ ਫਸਵਾਂ ਮੁਕਾਬਲਾ ਰਿਹਾ, ਜਿਸ ਨੂੰ ਸਾਡੇ ਖਿਡਾਰੀਆਂ ਨੇ ਸਰ ਕੀਤਾ ਅਤੇ 41 ਸਾਲ ਬਾਅਦ ਕਾਂਸੀ ਤਮਗਾ ਜਿੱਤਿਆ। ਪੰਜਾਬ ਇਸ ਸ਼ਾਨਦਾਰ ਟੀਮ ਦੀ ਖੇਡ ‘ਤੇ ਫਖਰ ਮਹਿਸੂਸ ਕਰ ਰਿਹਾ ਹੈ।
ਇਹ ਵੀ ਬਹੁਤ ਮਾਣ ਵਾਲੀ ਗੱਲ ਹੈ ਕਿ ਹਾਕੀ ਟੀਮ ਦੇ ਗੋਲ ਕਰਨ ਵਾਲੇ ਸਾਰੇ ਪੰਜ ਖਿਡਾਰੀ ਪੰਜਾਬੀ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾ ਹੀ ਖੇਡਾਂ ਨੂੰ ਪ੍ਰਫੁੱਲਤ ਕਰਨ ਅਤੇ ਖਿਡਾਰੀਆਂ ਨੂੰ ਉਤਸ਼ਾਹਤ ਕਰਨ ਲਈ ਤਤਪਰ ਰਹਿੰਦੀ ਹੈ। ਇਹ ਐਲਾਨ ਵੀ ਇਸੇ ਕੜੀ ਦਾ ਇੱਕ ਹਿੱਸਾ ਹੈ ਤਾਂ ਜੋ ਹੋਰ ਵੀ ਖਿਡਾਰੀ ਇਨ੍ਹਾਂ ਤੋਂ ਪ੍ਰੇਰਣਾ ਲੈ ਕੇ ਦੇਸ਼ ਅਤੇ ਆਪਣੇ ਸੂਬੇ ਦੇ ਮਾਣ ਨੂੰ ਹੋਰ ਉਚਾ ਕਰ ਸਕਣ।
