ਦਿੱਲੀ ‘ਚ ਕੋਰੋਨਾ ਵਾਇਰਸ ਦੇ ਘਟਦੇ ਮਾਮਲਿਆਂ ਨੂੰ ਦੇਖਦੇ ਹੋਏ ਦਿੱਲੀ ਆਫਤ ਪ੍ਰਬੰਧਨ ਅਥਾਰਟੀ (ਡੀ.ਡੀ.ਐਮ.ਏ.) ਨੇ 26 ਜੁਲਾਈ ਤੋਂ ਸਵੇਰੇ 5 ਵਜੇ ਤੋਂ ਦਿੱਲੀ ਮੈਟਰੋ ਤੇ ਬੱਸਾਂ ਨੂੰ 100 ਫ਼ੀਸਦੀ ਸਮਰੱਥਾ ਨਾਲ ਸੰਚਾਲਨ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ, ਜਦੋਂਕਿ ਸਿਨੇਮਾ ਹਾਲ, ਮਲਟੀਪਲੈਕਸ ਤੇ ਥੀਏਟਰ 50 ਫ਼ੀਸਦੀ ਸਮਰੱਥਾ ਨਾਲ ਖੁੱਲਣਗੇ | ਕੋਰੋਨਾ ਦੀ ਦੂਜੀ ਲਹਿਰ ਅਪ੍ਰੈਲ ਤੇ ਮਈ ਦੌਰਾਨ ਮਹਾਨਗਰ ‘ਚ ਵਾਇਰਸ ਦੇ ਸ਼ਿਕਾਰ ਮਰੀਜ਼ਾਂ ਦੀ ਗਿਣਤੀ ‘ਚ ਭਾਰੀ ਵਾਧਾ ਹੋਇਆ ਸੀ ਪਰ ਪਿਛਲੇ ਕੁਝ ਹਫਤਿਆਂ ਤੋਂ ਸਥਿਤੀ ‘ਚ ਸੁਧਾਰ ਦਿਖਾਈ ਦੇ ਰਿਹਾ ਹੈ, ਜਿਸ ਨਾਲ ਸਰਕਾਰ ਵਲੋਂ ਪੜਾਅਵਾਰ ਢੰਗ ਨਾਲ ਸ਼ਹਿਰ ਨੂੰ ਖੋਲਿਆ ਜਾ ਰਿਹਾ ਹੈ | ਡੀ.ਡੀ.ਐਮ.ਏ. ਅਨੁਸਾਰ ਕਾਰੋਬਾਰ ਤੋਂ ਕਾਰੋਬਾਰ (ਬੀ 2 ਬੀ) ਪ੍ਰਦਰਸ਼ਨੀ ਦੀ ਆਗਿਆ ਵੀ ਦਿੱਤੀ ਗਈ ਹੈ ਪਰ ਇਸ ‘ਚ ਕੇਵਲ ਕਾਰੋਬਾਰੀ ਹੀ ਸ਼ਾਮਿਲ ਹੋ ਸਕਣਗੇ | ਵਿਆਹ ਸਮਾਗਮਾਂ ਤੇ ਅੰਤਿਮ ਸੰਸਕਾਰ ‘ਚ ਸ਼ਾਮਿਲ ਹੋਣ ਵਾਲਿਆਂ ਦੀ ਗਿਣਤੀ ਵੀ ਵਧਾ ਕੇ 100 ਕਰ ਦਿੱਤੀ ਗਈ ਹੈ |
