ਫ਼ਰੀਦਕੋਟ ਇਥੇ ਇਲਾਕਾ ਮੈਜਿਸਟਰੇਟ ਤਰਜਨੀ ਨੇ ਅੱਜ ਵਿਸ਼ੇਸ਼ ਜਾਂਚ ਟੀਮ ਦੀ ਅਰਜ਼ੀ ਨੂੰ ਸਵੀਕਾਰ ਕਰਦਿਆਂ ਪਿੰਡ ਬੁਰਜ ਜਵਾਹਰ ਸਿੰਘ ਵਾਲਾ ‘ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਚੋਰੀ ਕਰ ਕੇ ਬੇਅਦਬੀ ਕਰਨ ਅਤੇ ਪਿੰਡ ਬਰਗਾੜੀ ਤੇ ਬੁਰਜ ਜਵਾਹਰ ਸਿੰਘ ਵਾਲਾ ‘ਚ ਇਤਰਾਜ਼ਯੋਗ ਪੋਸਟਰ ਲਗਾਉਣ ਦੀ ਕਥਿਤ ਸਾਜਿਸ਼ ਰਚਣ ਦੇ ਦੋਸ਼ਾਂ ‘ਚ ਲੋੜੀਂਦੇ ਡੇਰਾ ਸਿਰਸਾ ਦੀ ਕੌਮੀ ਕਮੇਟੀ ਦੇ 3 ਮੈਂਬਰਾਂ ਦੇ ਗਿ੍ਫ਼ਤਾਰੀ ਵਾਰੰਟ ਜਾਰੀ ਕਰ ਦਿੱਤੇ ਹਨ | ਅਦਾਲਤ ਨੇ ਇਨ੍ਹਾਂ 3 ਮੈਂਬਰਾਂ ਨੂੰ ਗਿ੍ਫ਼ਤਾਰ ਕਰ ਕੇ ਅਦਾਲਤ ‘ਚ ਪੇਸ਼ ਕਰਨ ਦਾ ਹੁਕਮ ਦਿੱਤਾ | ਵਿਸ਼ੇਸ਼ ਜਾਂਚ ਟੀਮ ਦੇ ਪਿੰਡ ਬਰਗਾੜੀ ‘ਚ 2015 ਦੌਰਾਨ ਵਾਪਰੇ ਬੇਅਦਬੀ ਦੇ ਮਾਮਲਿਆਂ ਦੀ ਕੀਤੀ ਗਈ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਕਮੇਟੀ ਮੈਂਬਰ ਹਰਸ਼ ਧੁਰੀ, ਪ੍ਰਦੀਪ ਕਲੇਰ ਤੇ ਸੰਦੀਪ ਬਰੇਟਾ ਨੇ ਇਹ ਸਾਜਿਸ਼ ਰਚੀ ਸੀ | ਇਸੇ ਦਰਮਿਆਨ ਇਤਰਾਜ਼ਯੋਗ ਪੋਸਟਰ ਲਗਾਉਣ ਦੇ ਮਾਮਲੇ ‘ਚ ਗਿ੍ਫ਼ਤਾਰ ਕੀਤੇ ਡੇਰਾ ਪ੍ਰੇਮੀ ਸ਼ਕਤੀ ਸਿੰਘ, ਸੁਖਜਿੰਦਰ ਸਿੰਘ, ਰਣਜੀਤ ਸਿੰਘ ਤੇ ਬਲਜੀਤ ਸਿੰਘ ਨੇ ਅਦਾਲਤ ‘ਚ ਅਰਜ਼ੀ ਦੇ ਕੇ ਚੱਲਦੇ ਮੁਕੱਦਮੇ ਤੱਕ ਜ਼ਮਾਨਤ ਦੀ ਮੰਗ ਕੀਤੀ ਹੈ | ਅਦਾਲਤ ਵਲੋਂ ਜ਼ਮਾਨਤ ਦੀ ਅਰਜ਼ੀ ‘ਤੇ ਸੁਣਵਾਈ 27 ਜੁਲਾਈ ਨੂੰ ਕੀਤੀ ਜਾਵੇਗੀ, ਇਸ ਸਬੰਧੀ ਵਿਸ਼ੇਸ਼ ਜਾਂਚ ਟੀਮ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ |
