ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੈਬਿਨਟ ਮੰਤਰੀ ਪੰਜਾਬ ਬਿਕਰਮ ਸਿੰਘ ਮਜੀਠੀਆ ਦੇ ਹੁਕਮਾਂ ’ਤੇ ਚਲਦਿਆਂ ਹਲਕਾ ਇੰਚਾਰਜ ਬਟਾਲਾ ਨਰੇਸ਼ ਮਹਾਜਨ ਦੀ ਅਗਵਾਈ ਹੇਠ ਅੱਜ ਸਥਾਨਕ 26 ਨੰਬਰ ਰੈੱਸਟ ਹਾਊਸ ਵਿਖੇ ਅਕਾਲੀ ਵਰਕਰਾਂ ਵਲੋਂ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸ਼ਾਸਨਕਾਲ ਵਿਚ ਨਿਰੰਤਰ ਲੱਗ ਰਹੇ ਲੰਮੇ-ਲੰਮੇ ਬਿਜਲੀ ਕੱਟਾਂ ਨੂੰ ਲੈ ਕੇ ਅਤੇ ਪੰਜਾਬ ਸਰਕਾਰ ਵਿਰੁੱਧ ਧਰਨਾ ਲਗਾਇਆ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਨਰੇਸ਼ ਮਹਾਜਨ ਨੇ ਕਿਹਾ ਕਿ ‘ਆਪ’ ਸਰਕਾਰ ਦੇ ਰਾਜ ਵਿਚ ਜਿਥੇ ਪੰਜਾਬ ਵਿਚ ਪਹਿਲਾਂ ਹੀ ਜੰਗਲ ਰਾਜ ਵਾਲੀ ਸਥਿਤੀ ਬਣੀ ਪਈ ਹੈ, ਉਥੇ ਨਾਲ ਹੀ ਲੱਗ ਰਹੇ ਬਿਜਲੀ ਦੇ ਲੰਮੇ ਕੱਟਾਂ ਨੂੰ ਲੈ ਕੇ ਆਮ ਜਨਤਾ ਦੇ ਨਾਲ-ਨਾਲ ਕਿਸਾਨ, ਇੰਡਸਟਰੀਲਿਸਟ ਤੇ ਵਪਾਰੀ ਵੀ ਡਾਹਢੇ ਦੁਖੀ ਹੋਏ ਪਏ ਹਨ। ਹੋਰ ਤਾਂ ਹੋਰ ਬਿਜਲੀ ਨਾਲ ਸਬੰਧਤ ਕਾਰੋਬਾਰ ਕਰਨ ਵਾਲੇ ਲੋਕਾਂ ਨੂੰ ਵਿਹਲੇ ਬੈਠ ਕੇ ਘਰਾਂ ਨੂੰ ਪਰਤਣਾ ਪੈ ਰਿਹਾ ਹੈ।
ਨਰੇਸ਼ ਮਹਾਜਨ ਨੇ ਕਿਹਾ ਕਿ ਮੌਜੂਦਾ ਸਰਕਾਰ ਹਰ ਫਰੰਟ ’ਤੇ ਫੇਲ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਰੋਜ਼ਾਨਾ ਬਿਜਲੀ ਕੱਟ ਲੱਗਣ ਨਾਲ ਕਿਸਾਨੀ ਦੇ ਨਾਲ-ਨਾਲ ਇੰਡਸਟਰੀ ਦਾ ਵੀ ਕਾਫੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਜਲਦ ਤੋਂ ਜਲਦ ਸਰਕਾਰ ਬਿਜਲੀ ਕੱਟਾਂ ਨੂੰ ਖਤਮ ਕਰਵਾ ਕੇ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਏ ਤਾਂ ਜੋ ਆਮ ਜਨਤਾ, ਵਪਾਰੀ ਵਰਗ, ਕਿਸਾਨ ਅਤੇ ਇੰਡਸਟਰੀਲਿਸਟ ਰਾਹਤ ਮਹਿਸੂਸ ਕਰ ਸਕਣ। ਇਸ ਮੌਕੇ ਉਨ੍ਹਾਂ ਨਾਲ ਵੱਡੀ ਗਿਣਤੀ ਵਿਚ ਅਕਾਲੀ ਆਗੂ ਅਤੇ ਵਰਕਰ ਹਾਜ਼ਰ ਸਨ।
