ਪੰਜਾਬ ਦੀ ਰਾਜਨੀਤੀ ਵਿੱਚ ਚੱਲ ਰਹੀ ਉਥਲ-ਪੁਥਲ ਦੇ ਵਿਚਕਾਰ ਮਾਨ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ ਸਾਬਕਾ ਕ੍ਰਿਕਟਰ ਅਤੇ ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਦੀ ਜ਼ੈੱਡ ਪਲੱਸ (Z+) ਸੁਰੱਖਿਆ ਵਾਪਸ ਲੈ ਲਈ ਹੈ। ਐਤਵਾਰ ਸਵੇਰੇ ਜਲੰਧਰ ਸਥਿਤ ਉਨ੍ਹਾਂ ਦੀ ਰਿਹਾਇਸ਼ ਤੋਂ ਸੁਰੱਖਿਆ ਕਰਮੀਆਂ ਨੂੰ ਹਟਾ ਦਿੱਤਾ ਗਿਆ। ਇਸ ਕਦਮ ਨੇ ਸਿਆਸੀ ਹਲਕਿਆਂ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ, ਖਾਸ ਕਰਕੇ ਅਜਿਹੇ ਸਮੇਂ ਵਿੱਚ ਜਦੋਂ ਪਾਰਟੀ ਦੇ ਅੰਦਰ ਫੁੱਟ ਅਤੇ ਬਗਾਵਤ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ।
ਪੰਜਾਬ ਸਰਕਾਰ ਦੇ ਇਸ ਫੈਸਲੇ ਮਗਰੋਂ ਕੇਂਦਰ ਸਰਕਾਰ ਨੇ ਜਲੰਧਰ ‘ਚ ਹਰਭਜਨ ਸਿੰਘ ਦੇ ਘਰ ਦੇ ਬਾਹਰ CRPF ਨੂੰ ਤਾਇਨਾਤ ਕਰ ਦਿੱਤਾ ਹੈ।
ਸੂਤਰਾਂ ਅਨੁਸਾਰ, ਸੁਰੱਖਿਆ ਵਾਪਸ ਲੈਣ ਦਾ ਫੈਸਲਾ ਹਾਲੀਆ ਸਿਆਸੀ ਘਟਨਾਕ੍ਰਮ ਦੇ ਮੱਦੇਨਜ਼ਰ ਲਿਆ ਗਿਆ ਹੈ। ਇਸ ਤੋਂ ਪਹਿਲਾਂ ‘ਆਪ’ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਸੁਰੱਖਿਆ ਵਿੱਚ ਵੀ ਬਦਲਾਅ ਕੀਤਾ ਗਿਆ ਸੀ। ਬਾਅਦ ਵਿੱਚ ਉਨ੍ਹਾਂ ਨੂੰ ਕੇਂਦਰ ਵੱਲੋਂ ਜ਼ੈੱਡ ਪਲੱਸ ਸ਼੍ਰੇਣੀ ਦੀ ਸੁਰੱਖਿਆ ਮਿਲ ਗਈ ਸੀ। ਹੁਣ ਹਰਭਜਨ ਸਿੰਘ ਨੂੰ ਲੈ ਕੇ ਚੁੱਕੇ ਗਏ ਇਸ ਕਦਮ ਨੂੰ ਉਸੇ ਕੜੀ ਵਜੋਂ ਦੇਖਿਆ ਜਾ ਰਿਹਾ ਹੈ।
ਦਰਅਸਲ, ਰਾਘਵ ਚੱਢਾ ਨੇ ਦਾਅਵਾ ਕੀਤਾ ਸੀ ਕਿ ‘ਆਪ’ ਦੇ ਸੱਤ ਰਾਜ ਸਭਾ ਮੈਂਬਰ ਪਾਰਟੀ ਛੱਡਣ ਦੀ ਤਿਆਰੀ ਵਿੱਚ ਹਨ, ਜਿਨ੍ਹਾਂ ਵਿੱਚ ਹਰਭਜਨ ਸਿੰਘ ਦਾ ਨਾਂ ਵੀ ਸ਼ਾਮਲ ਦੱਸਿਆ ਗਿਆ। ਹਾਲਾਂਕਿ, ਹਰਭਜਨ ਸਿੰਘ ਨੇ ਇਸ ਪੂਰੇ ਮਾਮਲੇ ‘ਤੇ ਅਜੇ ਤੱਕ ਜਨਤਕ ਤੌਰ ‘ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਦੂਜੇ ਪਾਸੇ, ‘ਆਪ’ ਲੀਡਰਸ਼ਿਪ ਨੇ ਇਨ੍ਹਾਂ ਦਾਅਵਿਆਂ ਨੂੰ ਖਾਰਜ ਕਰਦਿਆਂ ਕਿਹਾ ਹੈ ਕਿ ਸਿਰਫ ਤਿੰਨ ਮੈਂਬਰਾਂ ਨੇ ਹੀ ਪਾਰਟੀ ਛੱਡੀ ਹੈ।
ਇਧਰ, ਪਾਰਟੀ ਛੱਡਣ ਦੀਆਂ ਖ਼ਬਰਾਂ ਦੇ ਵਿਚਕਾਰ ‘ਆਪ’ ਵਰਕਰਾਂ ਵਿੱਚ ਨਾਰਾਜ਼ਗੀ ਵੀ ਦੇਖਣ ਨੂੰ ਮਿਲ ਰਹੀ ਹੈ। ਜਲੰਧਰ, ਲੁਧਿਆਣਾ ਅਤੇ ਫਗਵਾੜਾ ਵਿੱਚ ਕੁਝ ਸੰਸਦ ਮੈਂਬਰਾਂ ਦੀਆਂ ਰਿਹਾਇਸ਼ਾਂ ਅਤੇ ਅਦਾਰਿਆਂ ਦੇ ਬਾਹਰ ਵਿਰੋਧ ਪ੍ਰਦਰਸ਼ਨ ਹੋਏ। ਕੰਧਾਂ ‘ਤੇ ਇਤਰਾਜ਼ਯੋਗ ਨਾਅਰੇ ਲਿਖੇ ਗਏ, ਜਿਸ ਨਾਲ ਮਾਹੌਲ ਹੋਰ ਗਰਮਾ ਗਿਆ। ਪੁਲਿਸ ਮੌਕੇ ‘ਤੇ ਮੌਜੂਦ ਰਹੀ, ਪਰ ਪ੍ਰਦਰਸ਼ਨ ਨੂੰ ਲੈ ਕੇ ਸਖ਼ਤੀ ਘੱਟ ਨਜ਼ਰ ਆਈ।
