ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਅਗਲੇ ਦੋ ਤੋਂ ਤਿੰਨ ਹਫ਼ਤਿਆਂ ਵਿੱਚ ਇਰਾਨ ‘ਤੇ ਆਪਣੇ ਫ਼ੌਜੀ ਹਮਲੇ ਬੰਦ ਕਰ ਸਕਦਾ ਹੈ। ਉਨ੍ਹਾਂ ਇਹ ਵੀ ਸਾਫ਼ ਕੀਤਾ ਕਿ ਇਸ ਜੰਗ ਨੂੰ ਖ਼ਤਮ ਕਰਨ ਲਈ ਇਰਾਨ ਨਾਲ ਕੋਈ ਸਮਝੌਤਾ ਕਰਨਾ ਜ਼ਰੂਰੀ ਨਹੀਂ ਹੈ।
ਮੰਗਲਵਾਰ ਨੂੰ ਵ੍ਹਾਈਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਟਰੰਪ ਨੇ ਕਿਹਾ, “ਅਸੀਂ ਬਹੁਤ ਜਲਦੀ (ਇਰਾਨ ਤੋਂ) ਬਾਹਰ ਨਿਕਲ ਜਾਵਾਂਗੇ।” ਉਨ੍ਹਾਂ ਦੱਸਿਆ ਕਿ ਇਹ ਪ੍ਰਕਿਰਿਆ ਦੋ ਜਾਂ ਤਿੰਨ ਹਫ਼ਤਿਆਂ ਦੇ ਅੰਦਰ ਪੂਰੀ ਹੋ ਸਕਦੀ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਆਪਰੇਸ਼ਨ ਐਪਿਕ ਫਿਊਰੀ (Operation Epic Fury) ਨੂੰ ਖ਼ਤਮ ਕਰਨ ਲਈ ਇਰਾਨ ਨਾਲ ਗੱਲਬਾਤ ਸਫ਼ਲ ਹੋਣੀ ਜ਼ਰੂਰੀ ਹੈ, ਤਾਂ ਟਰੰਪ ਨੇ ਕਿਹਾ ਕਿ ਅਜਿਹੀ ਕੋਈ ਸ਼ਰਤ ਨਹੀਂ ਹੈ।
ਮੰਗਲਵਾਰ ਸਵੇਰੇ ਰਾਸ਼ਟਰਪਤੀ ਨੇ ਸੋਸ਼ਲ ਮੀਡੀਆ ‘ਤੇ ਅਮਰੀਕਾ ਦੇ ਪੁਰਾਣੇ ਸਾਥੀ ਫਰਾਂਸ ਅਤੇ ਬ੍ਰਿਟੇਨ ਵਿਰੁੱਧ ਭੜਾਸ ਕੱਢੀ। ਟਰੰਪ ਨੇ ਕਿਹਾ ਕਿ ਜਿਨ੍ਹਾਂ ਦੇਸ਼ਾਂ ਨੂੰ ਹੋਰਮੁਜ਼ ਦਾ ਜਲ ਮਾਰਗ ਬੰਦ ਹੋਣ ਕਾਰਨ ਤੇਲ ਨਹੀਂ ਮਿਲ ਰਿਹਾ, ਖ਼ਾਸ ਕਰਕੇ ਬ੍ਰਿਟੇਨ (ਜਿਸ ਨੇ ਇਰਾਨ ਵਿਰੁੱਧ ਸਾਡਾ ਸਾਥ ਨਹੀਂ ਦਿੱਤਾ), ਉਨ੍ਹਾਂ ਲਈ ਮੇਰੇ ਕੋਲ ਦੋ ਸੁਝਾਅ ਹਨ, ਪਹਿਲਾ ਸੁਝਾਅ ਇਹ ਹੈ ਕਿ ਅਮਰੀਕਾ ਤੋਂ ਤੇਲ ਖਰੀਦੋ ਕਿਉਂਕਿ ਸਾਡੇ ਕੋਲ ਬਹੁਤ ਤੇਲ ਹੈ। ਦੂਜਾ ਇਹ ਕਿ ਥੋੜ੍ਹੀ ਹਿੰਮਤ ਦਿਖਾਓ, ਖ਼ੁਦ ਉੱਥੇ (ਹੋਰਮੁਜ਼ ਜਲ ਮਾਰਗ) ਜਾਓ ਅਤੇ ਉਸ ਰਸਤੇ ‘ਤੇ ਕਬਜ਼ਾ ਕਰ ਲਓ।
ਇਸ ਤੋਂ ਬਾਅਦ ਉਨ੍ਹਾਂ ਨੇ ਫਰਾਂਸ ‘ਤੇ ਨਿਸ਼ਾਨਾ ਲਗਾਉਂਦਿਆਂ ਕਿਹਾ ਕਿ ਇਹ ਦੇਸ਼ ਬਿਲਕੁਲ ਵੀ ਮਦਦਗਾਰ ਨਹੀਂ ਰਿਹਾ। ਉਨ੍ਹਾਂ ਦੋਸ਼ ਲਾਇਆ ਕਿ ਫਰਾਂਸ ਨੇ ਇਜ਼ਰਾਈਲ ਜਾ ਰਹੇ ਉਨ੍ਹਾਂ ਜਹਾਜ਼ਾਂ ਨੂੰ ਆਪਣੇ ਹਵਾਈ ਖੇਤਰ ਤੋਂ ਉੱਡਣ ਦੀ ਇਜਾਜ਼ਤ ਨਹੀਂ ਦਿੱਤੀ, ਜੋ ਫੌਜੀ ਸਾਮਾਨ ਨਾਲ ਲੱਦੇ ਹੋਏ ਸਨ।
