ਦੁਨੀਆਂ ਨੂੰ ਅਲਵਿਦਾ ਕਹਿਣ ਦੇ ਬਾਅਦ ਵੀ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਜੇ ਵੀ ਲੋਕਾਂ ਦੇ ਦਿਲਾਂ ‘ਚ ਜ਼ਿੰਦਾ ਹਨ। ਇਸ ਦੀ ਤਾਜ਼ਾ ਮਿਸਾਲ ਉਸ ਵਖ਼ਤ ਵੇਖਣ ਨੂੰ ਮਿਲੀ ਜਦੋਂ ਆਉਣ ਵਾਲੀ 29 ਮਈ ਨੂੰ ਮੂਸੇਵਾਲਾ ਦੀ ਮੌਤ ਨੂੰ ਇਕ ਸਾਲ ਪੂਰਾ ਹੋਣ ‘ਤੇ ਖਾਸ ਪ੍ਰੋਗਰਾਮ ਉਲੀਕੇ ਗਏ। ਦਸ ਦਈਏ ਕਿ ਐਤਵਾਰ ਯਾਨੀ 28 ਮਈ ਨੂੰ ਸਿੱਧੂ ਦੀ ਯਾਦ ਵਿਚ ਪਿੰਡ ਮੂਸਾ ਵਿਖੇ ਗੁਰਦੁਆਰਾ ਸਾਹਿਬ ‘ਚ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਇਸ ਦੇ ਨਾਲ ਹੀ ਪਿੰਡ ‘ਚ ਮੂਸੇਵਾਲਾ ਦੀ ਯਾਦ ‘ਚ ਇੱਕ 28-29 ਮਈ ਨੂੰ ਖੂਨਦਾਨ ਕੈਂਪ ਵੀ ਲਗਾਇਆ ਜਾਵੇਗਾ।
ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ 29 ਮਈ ਨੂੰ ਸ਼ਾਮ 5 ਵਜੇ ਸਿੱਧੂ ਮੂਸੇਵਾਲਾ ਦੇ ਮਾਪੇ ਅਤੇ ਉਹਨਾਂ ਦੇ ਚਾਹੁਣ ਵਾਲੇ ਪਿੰਡ ਮੂਸਾ ਵਿਖੇ ਇਕ ਕੈਂਡਲ ਮਾਰਚ ਕੱਢਣਗੇ ਅਤੇ ਸੁੱਤੀ ਪਈ ਸਰਕਾਰ ਨੂੰ ਜਗਾਉਣ ਦਾ ਇਕ ਯਤਨ ਕਰਨਗੇ। ਇਸ ਲਈ ਪ੍ਰਸ਼ੰਸਕਾਂ ਨੂੰ ਪਹੁੰਚਣ ਦੀ ਵੀ ਪੁਰਜ਼ੋਰ ਅਪੀਲ ਕੀਤੀ ਗਈ ਹੈ।
ਦੱਸਣਯੋਗ ਹੈ ਕਿ ਮਰਹੂਮ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮੂਸੇਵਾਲਾ ਦੇ ਮਾਪਿਆਂ ਨੇ ਸੋਸ਼ਲ ਮੀਡੀਆ ‘ਤੇ ਵੀ ਪੁੱਤ ਨੂੰ ਇਨਸਾਫ਼ ਦਿਵਾਉਣ ਦੀ ਮੁਹਿੰਮ ਛੇੜੀ ਹੋਈ ਹੈ।

