ਪੰਜਾਬ ‘ਚ ਗੈਂਗਸਟਰਾਂ ਦਾ ਰਾਜ ਇੰਨਾ ਜ਼ਿਆਦਾ ਹੋ ਚੁੱਕਾ ਹੈ ਕਿ ਉਹਨਾਂ ਦੇ ਸਾਥੀ ਇਕ ਵਿਅਕਤੀ ਨੂੰ ਦਿਨ-ਦਿਹਾੜੇ ਮਾਰਕੇ ਆਪਣਾ ਜ਼ੁਰਮ ਕਬੂਲ ਵੀ ਕਰ ਲੈਂਦੇ ਹਨ ਪਰ ਪੁਲਿਸ ਉਹਨਾਂ ਨੂੰ ਫੇਰ ਵੀ ਫੜ੍ਹਣ ਵਿਚ ਅਸਮਰਥ ਰਹਿੰਦੀ ਹੈ। ਇਸ ਸਬੰਧ ਵਿਚ ਬੀਤੇ ਕੱਲ੍ਹ ਬਾਬਾ ਬਕਾਲਾ ਸਾਹਿਬ ‘ਚ ਹੋਏ ਵੇਟ ਲਿਫ਼ਟਰ ਜਰਨੈਲ ਸਿੰਘ ਦੇ ਕਤਲਕਾਂਡ ‘ਚ ਉਸ ਵੇਲੇ ਵੱਡਾ ਮੋੜ ਆਇਆ ਜਦੋਂ ਦਵਿੰਦਰ ਬੰਬੀਹਾ ਗਰੁੱਪ ਨੇ ਇਕ ਕਥਿਤ ਪੋਸਟ ਪਾ ਕੇ ਇਸ ਕਤਲਕਾਂਡ ਦੀ ਜ਼ਿੰਮੇਵਾਰੀ ਲਈ। ਪੋਸਟ ਵਿਚ ਕਿਹਾ ਗਿਆ ਕਿ ਜਰਨੈਲ ਸਿੰਘ ਦਾ ਕਤਲ ਸਾਡੇ ਬੰਦਿਆਂ ਨੇ ਕੀਤਾ ਹੈ। ਡੋਨੀ ਵੱਲੋਂ ਕਤਲ ਕੀਤੇ ਜਾਣ ਦਾ ਜਿਕਰ ਕੀਤਾ ਗਿਆ ਹੈ। ਇਸ ਸਬੰਧੀ ਇਕ ਪੋਸਟ ਪਾਈ ਗਈ ਹੈ, ਹਾਲਾਂਕਿ ਸਾਡਾ ਚੈਨਲ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ। ਇਹ ਜਾਂਚ ਦਾ ਵਿਸ਼ਾ ਹੈ ਤੇ ਪੁਲਿਸ ਜਾਂਚ ਕਰ ਰਹੀ ਹੈ। ਦਵਿੰਦਰ ਬੰਬੀਹਾ ਗਰੁੱਪ ਨੇ ਕਿਹਾ ਕਿ ਇਹ ਸਾਡੇ ਵਿਰੋਧੀਆਂ ਨਾਲ ਸਬੰਧ ਰੱਖਦਾ ਸੀ।

ਫੇਸਬੱਕ ਆਈ.ਡੀ. ‘ਤੇ ਇਕ ਪੋਸਟ ਸਾਂਝੀ ਕਰਦਿਆਂ ਬੰਬੀਹਾ ਗਰੁੱਪ ਨੇ ਲਿਖਿਆ ਕਿ ਜਰਨੈਲ ਸਿੰਘ ਦਾ ਕਤਲ ਸਾਡੇ ਭਰਾ ਡੋਨੀ ਬੱਲ ਸਠਿਆਲਾ ਅਤੇ ਗੋਪੀ ਮਾਹਲ ਨੇ ਕੀਤਾ ਹੈ। ਪੋਸਟ ਵਿਚ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਜੋ ਚੈਨਲ ਇਹ ਖ਼ਬਰ ਚਲਾ ਰਹੇ ਹਨ ਕਿ ਇਹ ਬੰਦਾ ਗੋਪੀ ਘਣਸ਼ਾਮਪੂਰੀਆ ਗਰੁੱਪ ਦਾ ਮੈਂਬਰ ਸੀ ਉਹ ਗਲਤ ਹੈ, ਇਸ ਬੰਦੇ ਦਾ ਸਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਨਾਲ ਹੀ ਇਹ ਵੀ ਲਿਖਿਆ ਗਿਆ ਕਿ ਇਹ ਬੰਦਾ ਸਾਡੇ ਵਿਰੋਧੀ ਧਿਰ ਦੇ ਗਰੁੱਪ ਨਾਲ ਸਬੰਧ ਰੱਖਦਾ ਸੀ। ਹਾਲਾਂਕਿ, ਸਾਡਾ ਚੈਨਲ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ।
ਦੱਸ ਦਈਏ ਕਿ ਤਿੰਨ-ਚਾਰ ਹਥਿਆਰਬੰਦ ਨੌਜਵਾਨਾਂ ਨੇ ਅੰਨ੍ਹੇਵਾਹ ਫਾਇਰਿੰਗ ਕਰਕੇ ਪਿੰਡ ਸਠਿਆਲਾ ਦੇ ਇਸ ਨੌਜਵਾਨ ਖਿਡਾਰੀ ਦਾ ਕਤਲ ਕਰ ਦਿੱਤਾ ਤੇ ਇਸ ਦੌਰਾਨ ਇਕ ਹੋਰ ਵਿਅਕਤੀ ਜ਼ਖ਼ਮੀ ਹੋ ਗਿਆ। ਪੁਲਿਸ ਸੂਤਰਾਂ ਮੁਤਾਬਕ ਇਹ ਕਤਲ ਗੈਂਗਵਾਰ ਦਾ ਨਤੀਜਾ ਹੋ ਸਕਦਾ ਹੈ। ਮ੍ਰਿਤਕ ਦੀ ਸ਼ਨਾਖ਼ਤ 38 ਸਾਲਾ ਜਰਨੈਲ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਸਠਿਆਲਾ ਵਜੋਂ ਹੋਈ ਸੀ। ਉਹ ਵੇਟ ਲਿਫਟਰ ਸੀ ਅਤੇ ਲੰਮਾ ਸਮਾ ਸਰਕਾਰੀ ਕਾਲਜ ਸਠਿਆਲਾ ਦਾ ਪ੍ਰਧਾਨ ਵੀ ਰਿਹਾ।
