ਕਾਂਗਰਸ ਦੇ ਸੀਨੀਅਰ ਨੇਤਾ ਅਤੇ ਕਰਨਾਟਕ ਦੇ ਇਕ ਵਾਰ ਮੁੱਖ ਮੰਤਰੀ ਰਹੇ ਸਿੱਧਰਮਈਆ ਨੇ ਅੱਜ ਦੂਜੀ ਵਾਰ ਕਰਨਾਟਕ ਦੇ ਸੀ.ਐਮ. ਵਜੋਂ ਸਹੁੰ ਚੁੱਕ ਲਈ ਹੈ। ਇਸ ਦੌਰਾਨ ਉਹਨਾਂ ਦੇ ਨਾਲ ਡੀ.ਕੇ ਸ਼ਿਵਕੁਮਾਰ ਨੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਦਸ ਦਈਏ ਕਿ ਕਰਨਾਟਕ ਵਿਧਾਨ ਸਭਾ ਚੋਣਾਂ ‘ਚ ਜਿੱਤ ਹਾਸਲ ਕਰਨ ਤੋਂ ਬਾਅਦ ਕਾਂਗਰਸ ਨੇ ਇਕ ਵਾਰ ਫਿਰ ਇਸ ਸੂਬੇ ‘ਚ ਆਪਣਾ ਦਬਦਬਾ ਕਾਇਮ ਕਰ ਲਿਆ ਹੈ। ਪਰ ਇਕ ਸਵਾਲ ਅਜੇ ਵੀ ਬਰਕਰਾਰ ਹੈ ਕਿ ਕਰਨਾਟਕ ਵਿਧਾਨ ਸਭਾ ਚੋਣਾਂ ਦੌਰਾਨ ਚੋਣ ਮੈਨੀਫੇਸਟੋ ਵਿਚ ਕਾਂਗਰਸ ਵਲੋਂ ਬਜਰੰਗ ਦਲ ਨੂੰ ਬੈਨ ਕਰਨ ਦਾ ਜੋ ਵਾਅਦਾ ਕੀਤਾ ਗਿਆ ਸੀ ਕਿ ਇਹ ਵਾਅਦਾ ਹੁਣ ਕਾਂਗਰਸ ਕਰਨਾਟਕ ਵਿਚ ਪੂਰੀ ਹੈ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ।
ਜੇਕਰ ਗੱਲ ਕਰੀਏ ਅੱਜ ਦੇ ਸਹੁੰ ਚੁੱਕ ਸਮਾਗਮ ਦੀ ਤਾਂ ਸਥਾਨਕ ਸ੍ਰੀ ਕਾਂਤੀਰਵਾ ਸਟੇਡੀਅਮ ‘ਚ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦੇ ਸਹੁੰ ਚੁੱਕਣ ਦੇ ਨਾਲ-ਨਾਲ ਸਿੱਧਰਮਈਆ ਦੇ ਕੈਬਨਿਟ ਮੰਤਰੀਆਂ ਨੂੰ ਸਹੁੰ ਚੁਕਾਈ ਗਈ। ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਕਾਂਗਰਸ ਆਗੂ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਣ ਲਈ ਬੈਂਗਲੁਰੂ ਪਹੁੰਚੇ। ਹਵਾਈ ਅੱਡੇ ‘ਤੇ ਡੀ. ਕੇ ਸ਼ਿਵਕੁਮਾਰ ਨੇ ਉਨ੍ਹਾਂ ਦਾ ਸਵਾਗਤ ਕੀਤਾ। ਓਧਰ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਕਾਂਗਰਸ ਵਿਧਾਇਕ ਪ੍ਰਿਯੰਕਾ ਖੜਗੇ, ਡਾਕਟਰ ਜੀ ਪਰਮੇਸ਼ਵਰ ਅਤੇ ਡੀਕੇ ਸ਼ਿਵਕੁਮਾਰ ਦੇ ਭਰਾ ਸੰਸਦ ਮੈਂਬਰ ਡੀਕੇ ਸੁਰੇਸ਼ ਬੈਂਗਲੁਰੂ ਦੇ ਸ੍ਰੀ ਕਾਂਤੀਰਵਾ ਸਟੇਡੀਅਮ ਵਿਚ ਸਮਾਗਮ ਵਾਲੀ ਥਾਂ ਪੁੱਜੇ। ਸਹੁੰ ਚੁੱਕਣ ਦੇ ਮੌਕੇ ‘ਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਮੁੱਖ ਮੰਤਰੀ, ਉਪ ਮੁੱਖ ਮੰਤਰੀ ਸਮੇਤ ਅੱਠ ਵਿਧਾਇਕ ਮੰਤਰੀ ਦੇ ਅਹੁਦੇ ਲਈ ਸਹੁੰ ਚੁੱਕੀ। ਮੈਂ ਵੀ ਇਸ ਵਿਚ ਹਿੱਸਾ ਲੈਣ ਲਈ ਉੱਥੇ ਪਹੁੰਚਿਆ ਹਾਂ। ਇਹ ਖੁਸ਼ੀ ਦੀ ਗੱਲ ਹੈ ਕਿ ਕਰਨਾਟਕ ਵਿਚ ਨਵੀਂ ਸਰਕਾਰ ਹੈ, ਇਕ ਮਜ਼ਬੂਤ ਸਰਕਾਰ ਹੈ। ਇਸ ਨਾਲ ਕਰਨਾਟਕ ਦਾ ਵਿਕਾਸ ਹੋਵੇਗਾ ਅਤੇ ਇਸ ਦੇ ਨਾਲ ਹੀ ਦੇਸ਼ ਵਿਚ ਚੰਗਾ ਮਾਹੌਲ ਬਣੇਗਾ।
ਦੱਸ ਦੇਈਏ ਕਿ ਕਰਨਾਟਕ ਵਿਧਾਨ ਸਭਾ ਚੋਣਾਂ ਦੇ ਨਤੀਜੇ 13 ਮਈ ਨੂੰ ਆਏ ਸਨ। ਕਾਂਗਰਸ ਨੇ 135, ਭਾਜਪਾ ਨੇ 66 ਅਤੇ ਜਨਤਾ ਦਲ ਸੈਕੂਲਰ (ਜੇ. ਡੀ. ਐਸ) ਨੇ 19 ਸੀਟਾਂ ਜਿੱਤੀਆਂ ਹਨ। ਕਾਂਗਰਸ ‘ਚ ਮੁੱਖ ਮੰਤਰੀ ਅਹੁਦੇ ਦੀ ਦਾਅਵੇਦਾਰੀ ਨੂੰ ਲੈ ਕੇ ਸਿੱਧਰਮਈਆ ਅਤੇ ਡੀਕੇ ਸ਼ਿਵਕੁਮਾਰ ਵਿਚਾਲੇ ਟਕਰਾਅ ਕਈ ਦਿਨਾਂ ਤੱਕ ਜਾਰੀ ਰਿਹਾ। ਹਾਲਾਂਕਿ ਹਾਈਕਮਾਂਡ ਵੱਲੋਂ ਕਈ ਦਿਨਾਂ ਦੀ ਮੀਟਿੰਗ ਅਤੇ ਮਨਾਉਣ ਤੋਂ ਬਾਅਦ ਦੋਵਾਂ ਆਗੂਆਂ ਵਿਚਾਲੇ ਸਹਿਮਤੀ ਬਣ ਸਕੀ।
