ਜਲੰਧਰ ਜ਼ਿਮਣੀ ਚੋਣ ‘ਚ ਵੱਡੀ ਲੀਡ ਨਾਲ ਜਿੱਤ ਹਾਸਲ ਕਰਨ ਤੋਂ ਬਾਅਦ ਪੰਜਾਬ ਸਰਕਾਰ ਨੇ ਪੰਜਾਬੀਆਂ ਨੂੰ ਖ਼ੁਸ਼ ਕਰਨ ਦੀ ਬਜਾਏ ਇਕ ਵੱਡਾ ਝਟਕਾ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਪੰਜਾਬ ‘ਚ ਬਿਜਲੀ ਮਹਿੰਗੀ ਹੋ ਗਈ ਹੈ। ਬਿਜਲੀ ਦੀਆਂ ਕੀਮਤਾਂ ਵਿੱਚ ਪ੍ਰਤੀ ਯੂਨਿਟ 56 ਪੈਸੇ ਵਾਧਾ ਕੀਤਾ ਗਿਆ ਹੈ। ਦੱਸ ਦਈਏ ਕਿ ਨਵੀਆਂ ਦਰਾਂ ਕੱਲ੍ਹ ਤੋਂ ਯਾਨੀ 16 ਮਈ ਤੋਂ ਲਾਗੂ ਹੋਣਗੀਆਂ। ਇਸ ਸਬੰਧੀ ਪੀਐਸਪੀਸੀਐਲ (PSPCl) ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਬਿਜਲੀ ਦਰਾਂ ਵਿੱਚ ਕੀਤਾ ਗਿਆ ਵਾਧਾ ਕੱਲ੍ਹ ਤੋਂ ਲਾਗੂ ਹੋ ਜਾਵੇਗਾ, ਜੋ 31 ਮਾਰਚ 2024 ਤੱਕ ਲਾਗੂ ਰਹੇਗਾ।

ਹਾਲਾਂਕਿ, ਮੁੱਖ ਮੰਤਰੀ ਮਾਨ ਨੇ ਟਵੀਟ ਕਰਕੇ ਸਪਸ਼ਟ ਕਰ ਦਿੱਤਾ ਹੈ ਕਿ ਬਿਜਲੀ ਦੀਆਂ ਦਰਾਂ ਚ ਵਾਧੇ ਦਾ ਖ਼ਰਚਾ ਸਰਕਾਰ ਦੇਵੇਗੀ ਇਸ ਦਾ ਆਮ ਲੋਕਾਂ ਤੇ ਕੋਈ ਬੋਝ ਨਹੀਂ ਪਵੇਗਾ। 600 ਯੂਨਿਟ ਵਾਲੀ ਯੋਜਨਾ ਦੇ ਇੱਕ ਵੀ ਮੀਟਰ ‘ਤੇ ਅਸਰ ਨਹੀ ਪਵੇਗਾ।
ਬਿਜਲੀ ਦੀਆਂ ਦਰਾਂ ਚ ਵਾਧੇ ਦਾ ਖ਼ਰਚਾ ਸਰਕਾਰ ਦੇਵੇਗੀ ਇਸ ਦਾ ਆਮ ਲੋਕਾਂ ਤੇ ਕੋਈ ਬੋਝ ਨਹੀਂ ਪਵੇਗਾ…600 ਯੂਨਿਟ ਵਾਲੀ ਯੋਜਨਾ ਦੇ ਇੱਕ ਵੀ ਮੀਟਰ ਤੇ ਅਸਰ ਨਹੀ ਪਵੇਗਾ..
— Bhagwant Mann (@BhagwantMann) May 15, 2023
ਦਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਐਲਾਨੀ ਬਿਜਲੀ ਦੀਆਂ ਤਾਜ਼ਾ ਦਰਾਂ ਅਨੁਸਾਰ ਹੁਣ ਸੂਬੇ ਦੇ ਬਿਜਲੀ ਖਪਤਕਾਰਾਂ ਨੂੰ 2 ਕਿਲੋਵਾਟ ਤੱਕ 100 ਯੂਨਿਟ ਬਿਜਲੀ ਦੀ ਖਪਤ ਲਈ 4.19 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿੱਲ ਅਦਾ ਕਰਨਾ ਪਾਵੇਗਾ। ਹੁਣ ਤੱਕ ਲੋਕ 3.49 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ 100 ਯੂਨਿਟ ਤੱਕ ਬਿਜਲੀ ਦੇ ਬਿੱਲ ਅਦਾ ਕਰ ਰਹੇ ਹਨ। ਇਸੇ ਤਰ੍ਹਾਂ ਲੋਕਾਂ ਨੂੰ 2 ਕਿਲੋਵਾਟ ਤੱਕ 100 ਤੋਂ 300 ਯੂਨਿਟ ਬਿਜਲੀ ਦੇ ਬਿੱਲ 5 ਰੁਪਏ 84 ਪੈਸੇ ਪ੍ਰਤੀ ਯੂਨਿਟ ਦੀ ਬਜਾਏ 6 ਰੁਪਏ 64 ਪੈਸੇ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਅਦਾ ਕਰਨੇ ਪੈਣਗੇ। 300 ਤੋਂ ਵੱਧ ਯੂਨਿਟਾਂ ਲਈ 7 ਰੁਪਏ 30 ਪੈਸੇ ਦੀ ਬਜਾਏ 7 ਰੁਪਏ 75 ਪੈਸੇ ਦੀ ਦਰ ਨਾਲ ਬਿਜਲੀ ਬਿੱਲ ਅਦਾ ਕਰਨਾ ਹੋਵੇਗਾ। 2 ਤੋਂ 7 ਕਿਲੋਵਾਟ ਲਈ 100 ਯੂਨਿਟ ਬਿਜਲੀ ਦੀ ਖਪਤ 3.74 ਰੁਪਏ ਤੋਂ ਵਧਾ ਕੇ 4.44 ਪੈਸੇ, 100 ਤੋਂ 300 ਯੂਨਿਟ ਲਈ 5.84 ਰੁਪਏ 6.64 ਪੈਸੇ ਅਤੇ 300 ਤੋਂ ਵੱਧ ਯੂਨਿਟਾਂ ਲਈ ਖਪਤਕਾਰਾਂ ਲਈ 7.30 ਪੈਸੇ ਤੋਂ ਵਧਾ ਕੇ 7.75 ਰੁਪਏ ਪ੍ਰਤੀ ਯੂਨਿਟ ਕਰ ਦਿੱਤੀ ਗਈ ਹੈ।
ਪੰਜਾਬ ਸਰਕਾਰ ਵੱਲੋਂ ਜਾਰੀ ਤਾਜ਼ਾ ਦਰਾਂ ਅਨੁਸਾਰ 7 ਤੋਂ 50 ਕਿਲੋਵਾਟ ਕੁਨੈਕਸ਼ਨ ਵਾਲੇ ਖਪਤਕਾਰਾਂ ਨੂੰ ਹੁਣ 100 ਯੂਨਿਟਾਂ ਲਈ 4.64 ਰੁਪਏ ਤੋਂ ਵਧਾ ਕੇ 5.34 ਰੁਪਏ, 100 ਤੋਂ 300 ਯੂਨਿਟਾਂ ਲਈ 6.50 ਤੋਂ 7.15 ਰੁਪਏ ਅਤੇ ਇਸ ਤੋਂ ਵੱਧ ਲਈ 7.15 ਰੁਪਏ ਕਰ ਦਿੱਤਾ ਗਿਆ ਹੈ। 300 ਯੂਨਿਟ ਬਿਜਲੀ ਦਰ 7.50 ਰੁਪਏ ਤੋਂ ਵਧਾ ਕੇ 7.75 ਰੁਪਏ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਗੈਰ-ਰਿਹਾਇਸ਼ੀ ਅਤੇ ਉਦਯੋਗਿਕ ਖਪਤਕਾਰਾਂ ਲਈ ਵੀ ਨਵੀਆਂ ਦਰਾਂ ਜਾਰੀ ਕੀਤੀਆਂ ਹਨ।
