ਜੰਮੂ-ਕਸ਼ਮੀਰ ਤੋਂ ਇਕ ਹੋਰ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਦਸ ਦਈਏ ਜੰਮੂ-ਕਸ਼ਮੀਰ ਦੇ ਰਾਜੌਰੀ ‘ਚ ਅੱਜ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਹੋਣ ਦੀ ਖ਼ਬਰ ਸਾਹਮਣੇ ਆਈ ਜਿਸ ਵਿਚ 2 ਜਵਾਨ ਸ਼ਹੀਦ ਹੋਏ ਅਤੇ 4 ਜਵਾਨ ਜ਼ਖ਼ਮੀ ਹੋ ਗਏ ਹਨ। ਉੱਤਰੀ ਕਮਾਨ ਮੁਤਾਬਕ ਜੰਮੂ-ਕਸ਼ਮੀਰ ਦੇ ਰਾਜੌਰੀ ‘ਚ ਇੱਕ ਆਪਰੇਸ਼ਨ ਦੌਰਾਨ ਅੱਤਵਾਦੀਆਂ ਵਲੋਂ ਬਲਾਸਟ ਕੀਤਾ ਗਿਆ ਜਿਸ ਵਿਚ ਫੌਜ ਦੇ ਦੋ ਜਵਾਨ ਸ਼ਹੀਦ ਹੋ ਗਏ ਅਤੇ ਚਾਰ ਅਧਿਕਾਰੀ ਜ਼ਖਮੀ ਹੋ ਗਏ। ਫਿਲਹਾਲ ਇਲਾਕੇ ‘ਚ ਆਪਰੇਸ਼ਨ ਜਾਰੀ ਹੈ। ਸੁਰੱਖਿਆ ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਹੈ।
ਫੌਜ ਨੇ ਇਕ ਬਿਆਨ ‘ਚ ਕਿਹਾ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਫੌਜ ਦੀ ਟੀਮ ਰਾਜੌਰੀ ਸੈਕਟਰ ਦੇ ਕੰਢੀ ਜੰਗਲੀ ਖੇਤਰ ‘ਚ ਤਲਾਸ਼ੀ ਮੁਹਿੰਮ ਚਲਾ ਰਹੀ ਸੀ। ਇਹ ਟੀਮ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਅੱਤਵਾਦੀਆਂ ਦੇ ਇਕ ਸਮੂਹ ਦਾ ਪਤਾ ਲਗਾਉਣ ਲਈ ਕੰਮ ਕਰ ਰਹੀ ਹੈ, ਜਿਨ੍ਹਾਂ ਨੇ ਮੰਗਲਵਾਰ ਨੂੰ ਜੰਮੂ ਖੇਤਰ ਦੇ ਭਾਟਾ ਧੂਰੀਆਂ ਦੇ ਤੋਤਾ ਗਲੀ ਇਲਾਕੇ ‘ਚ ਫੌਜ ਦੇ ਟਰੱਕ ‘ਤੇ ਹਮਲਾ ਕੀਤਾ ਸੀ। ਕੰਢੀ ਦੇ ਜੰਗਲ ਦੇ ਸੰਘਣੀ ਬਨਸਪਤੀ ਅਤੇ ਪਥਰੀਲੇ ਖੇਤਰ ਵਿਚ ਇਕ ਗੁਫਾ ਵਿਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਦੇ ਆਧਾਰ ‘ਤੇ ਵੀਰਵਾਰ ਨੂੰ ਇਕ ਸਾਂਝਾ ਆਪਰੇਸ਼ਨ ਚਲਾਇਆ ਗਿਆ ਸੀ।
