ਸਿਆਸਤ ਦੇ ਬਾਬਾ ਬੋਹੜ ਕਹੇ ਜਾਣ ਵਾਲੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਅੰਤਿਮ ਅਰਦਾਸ ਸਮਾਗਮ ਅੱਜ ਪਿੰਡ ਬਾਦਲ ਵਿਖੇ ਰੱਖਿਆ ਗਿਆ ਹੈ। ਇਸ ਸਮਾਗਮ ਲਈ ਮਾਤਾ ਜਸਵੰਤ ਕੌਰ ਮੈਮੋਰੀਅਲ ਸਕੂਲ ਵਿੱਚ ਪੰਡਾਲ ਲਗਾਏ ਗਏ ਹਨ ਜਿਸ ਵਿਚ ਵੱਡੀ ਗਿਣਤੀ ‘ਚ ਲੋਕ ਪਹੁੰਚ ਰਹੇ ਹਨ। ਇਸ ਸਮਾਗਮ ਦੌਰਾਨ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਵੀ ਪਹੁੰਚੇ। ਇਸ ਤੋਂ ਇਲਾਵਾ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਅਤੇ ਭਾਜਪਾ ਆਗੂ ਤਰੁਣ ਚੁੱਘ ਵਲੋਂ ਵੀ ਸ਼ਿਰਕਤ ਕੀਤੀ ਗਈ। ਇੰਨਾਂ ਹੀ ਨਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ‘ਆਪ’ ਵਿਧਾਇਕ ਬਲਜਿੰਦਰ ਕੌਰ ਵੀ ਇਸ ਅੰਤਿਮ ਅਰਦਾਸ਼ ਸਮਾਗਮ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ।
ਮਿਲੀ ਜਾਣਕਾਰੀ ਮੁਤਾਬਿਕ ਮਾਤਾ ਜਸਵੰਤ ਕੌਰ ਮੈਮੋਰੀਅਲ ਸਕੂਲ ’ਚ ਇਹ ਸਮਾਗਮ ਕਰਵਾਇਆ ਜਾ ਰਿਹਾ ਹੈ ਅਤੇ ਇੱਕ ਲੱਖ ਤੋਂ ਵੱਧ ਲੋਕਾਂ ਦੇ ਬੈਠਣ ਦੀ ਸਮਰਥਾ ਵਾਲਾ ਪੰਡਾਲ ਨੂੰ ਤਿਆਰ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਬੀਤੀ 25 ਅਪ੍ਰੈਲ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਦਿਹਾਂਤ ਹੋ ਗਿਆ ਸੀ। 95 ਸਾਲਾ ਪ੍ਰਕਾਸ਼ ਬਾਦਲ ਨੇ ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ ਆਖਰੀ ਸਾਹ ਲਏ। ਸਾਹ ਦੀ ਤਕਲੀਫ਼ ਮਗਰੋਂ ਉਨ੍ਹਾਂ ਨੂੰ ਫੋਰਟਿਸ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ। ਉਹ 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। 27 ਅਪ੍ਰੈਲ ਨੂੰ ਪ੍ਰਕਾਸ਼ ਸਿੰਘ ਬਾਦਲ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਬਾਦਲ ਵਿਖੇ ਕੀਤਾ ਗਿਆ ਅਤੇ ਕੱਲ੍ਹ ਉਹਨਾਂ ਦੀਆਂ ਅਸਥੀਆਂ ਸ੍ਰੀ ਕੀਰਤਪੁਰ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਪਤਾਲਪੁਰੀ ਸਾਹਿਬ ਵਿਖੇ ਜਲ-ਪ੍ਰਵਾਹ ਕਰ ਦਿੱਤੀਆਂ ਗਈਆਂ ਹਨ।
