ਕਰਨਾਟਕ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੀਤੀ ਰਾਤ ਕਰਨਾਟਕ ਦੇ ਮੈਸੂਰ ਵਿੱਚ ਚੋਣ ਪ੍ਰਚਾਰ ਕਰ ਰਹੇ ਸੀ ਪਰ ਇਸ ਦੌਰਾਨ ਉਹਨਾਂ ਦੀ ਸੁਰੱਖਿਆ ਵਿਚ ਵੱਡੀ ਕੁਤਾਹੀ ਵੇਖਣ ਨੂੰ ਮਿਲੀ ਹੈ। ਮੈਸੂਰ ਵਿਚ ਪ੍ਰਧਾਨ ਮੰਤਰੀ ਦੇ ਚੱਲ ਰਹੇ ਰੋਡ ਸ਼ੋਅ ਦੌਰਾਨ ਇੱਕ ਔਰਤ ਨੇ ਆਪਣਾ ਮੋਬਾਈਲ ਉਨ੍ਹਾਂ ਦੀ ਕਾਰ ਵੱਲ ਸੁੱਟ ਦਿੱਤਾ। ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਔਰਤ ਨੂੰ ਹਿਰਾਸਤ ‘ਚ ਲੈ ਲਿਆ।
ਪੁਲਿਸ ਮੁਤਾਬਕ ਪੁੱਛਗਿਛ ਦੌਰਾਨ ਔਰਤ ਨੇ ਦੱਸਿਆ ਕਿ ਉਹ ਭਾਜਪਾ ਦੀ ਵਰਕਰ ਹੈ ਅਤੇ ਇਹ ਗਲਤੀ ਨਾਲ ਹੋਇਆ ਹੈ। ਔਰਤ ਨੇ ਦੱਸਿਆ ਕਿ ਉਹ ਪ੍ਰਧਾਨ ਮੰਤਰੀ ਵੱਲ ਫੁੱਲ ਸੁੱਟ ਰਹੀ ਸੀ ਪਰ ਉਸ ਨੇ ਧਿਆਨ ਨਹੀਂ ਦਿੱਤਾ ਅਤੇ ਗਲਤੀ ਨਾਲ ਮੋਬਾਈਲ ਵੀ ਫੁੱਲ ਦੇ ਨਾਲ ਚਲਾ ਗਿਆ।
ਪੁਲਿਸ ਦੇ ਵਧੀਕ ਡਾਇਰੈਕਟਰ ਜਨਰਲ (ਏਡੀਜੀਪੀ), ਕਾਨੂੰਨ ਅਤੇ ਵਿਵਸਥਾ, ਆਲੋਕ ਕੁਮਾਰ ਨੇ ਕਿਹਾ ਕਿ ਫ਼ੋਨ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਇੱਕ ਵਰਕਰ ਦਾ ਸੀ ਅਤੇ ਪੀਐਮ ਮੋਦੀ ਵਿਸ਼ੇਸ਼ ਸੁਰੱਖਿਆ ਸਮੂਹ (ਐਸਪੀਜੀ) ਦੀ ਸੁਰੱਖਿਆ ਵਿੱਚ ਸਨ।
ਉਨ੍ਹਾਂ ਕਿਹਾ, “ਪ੍ਰਧਾਨ ਮੰਤਰੀ ਦੀ ਗੱਡੀ ‘ਤੇ ਫ਼ੋਨ ਸੁੱਟਣ ਵਾਲੇ ਵਿਅਕਤੀ ਦਾ ਕੋਈ ਮਾੜਾ ਇਰਾਦਾ ਨਹੀਂ ਸੀ ਅਤੇ ਉਸ ਨੇ ਜੋਸ਼ ‘ਚ ਅਜਿਹਾ ਕੀਤਾ। ਪ੍ਰਧਾਨ ਮੰਤਰੀ ਐੱਸ.ਪੀ.ਜੀ. ਦੀ ਸੁਰੱਖਿਆ ‘ਚ ਸਨ। ਫ਼ੋਨ ਭਾਜਪਾ ਵਰਕਰ ਦਾ ਹੈ। ਅਸੀਂ ਉਸ ਵਿਅਕਤੀ ਨੂੰ ਟਰੇਸ ਕਰ ਲਿਆ ਹੈ।” ਐਸਪੀਜੀ ਤੋਂ ਉਸ ਵਿਅਕਤੀ ਨੂੰ ਸੌਂਪ ਦਿੱਤਾ ਗਿਆ ਹੈ।
ਇਹ ਘਟਨਾ ਉਦੋਂ ਵਾਪਰੀ ਜਦੋਂ ਪ੍ਰਧਾਨ ਮੰਤਰੀ ਮੋਦੀ, ਮੈਸੂਰ-ਕੋਡਾਗੂ ਦੇ ਸੰਸਦ ਮੈਂਬਰ ਪ੍ਰਤਾਪ ਸਿਮਹਾ ਅਤੇ ਸਾਬਕਾ ਮੰਤਰੀਆਂ ਕੇਐਸ ਈਸ਼ਵਰੱਪਾ ਅਤੇ ਐਸਏ ਰਾਮਦਾਸ ਨਾਲ ਸੜਕ ਦੇ ਦੋਵੇਂ ਪਾਸੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਲੋਕਾਂ ਨੂੰ ਹੱਥ ਹਿਲਾ ਕੇ ਸੰਬੋਧਨ ਕਰ ਰਹੇ ਸਨ।
