ਵਿਧਾਨ ਸਭਾ ਹਲਕਾ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀਆਂ ਮੁਸ਼ਕਿਲਾਂ ਵੱਧਦੀਆਂ ਹੋਈਆਂ ਵਿਖਾਈ ਦੇ ਰਹੀਆਂ ਹਨ। ਹੁਣ ਉਹਨਾਂ ਖ਼ਿਲਾਫ਼ ਐਫ.ਆਈ.ਆਰ. ਦਰਜ ਹੋ ਗਈ ਹੈ। ਦਰਅਸਲ, ਭੁਲੱਥ ਦੇ ਐੱਸ. ਡੀ. ਐੱਮ. ਸੰਜੀਵ ਸ਼ਰਮਾ ਨਾਲ ਬਦਸਲੂਕੀ ਕਰਨ ਦੇ ਮਾਮਲੇ ਵਿਚ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਐੱਸ. ਡੀ. ਐੱਮ. ਭੁਲੱਥ ਸੰਜੀਵ ਸ਼ਰਮਾ ਦੀ ਸ਼ਿਕਾਇਤ ‘ਤੇ ਖਹਿਰਾ ਖ਼ਿਲਾਫ਼ ਵੱਖ-ਵੱਖ ਧਾਰਾਵਾਂ 186, 189, 342, 500, 506 ਤਹਿਤ ਕੇਸ ਦਰਜ ਕੀਤਾ ਗਿਆ ਹੈ।
ਦੱਸ ਦੇਈਏ ਕਿ ਐੱਸ. ਡੀ. ਐੱਮ. ਭੁਲੱਥ ਸੰਜੀਵ ਸ਼ਰਮਾ ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਭੇਜੀ ਸ਼ਿਕਾਇਤ ਰਾਹੀ ਦੱਸਿਆ ਗਿਆ ਸੀ ਕਿ 29 ਮਾਰਚ ਨੂੰ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਪਣੇ ਸਮਰਥਕਾਂ ਸਮੇਤ ਸਬ ਡਿਵੀਜ਼ਨਲ ਮੈਜਿਸਟ੍ਰੇਟ ਦਫ਼ਤਰ ਕੰਪਲੈਕਸ ਦਾ ਘਿਰਾਓ ਕੀਤਾ ਸੀ। ਇਸ ਦੌਰਾਨ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਪ੍ਰਤੀ ਹਰ ਤਰ੍ਹਾਂ ਦੀ ਬੇਤੁਕੀ ਟਿੱਪਣੀ ਕੀਤੀ। ਇਸ ਤੋਂ ਇਲਾਵਾ ਖਹਿਰਾ ਨੇ ਫੇਸਬੁੱਕ ‘ਤੇ ਲਾਈਵ ਹੁੰਦੇ ਹੋਏ ਐੱਸ. ਡੀ. ਐੱਮ. ਭੁਲੱਥ ਸੰਜੀਵ ਸ਼ਰਮਾ ਨੂੰ ਬੇਇੱਜ਼ਤ ਕਰਨ ਅਤੇ ਬੇਲੋੜੇ ਸਵਾਲ ਪੁੱਛਦੇ ਹੋਏ ਤੰਗ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਸੀ।
