ਦੁਨੀਆਂ ਤੋਂ ਚਲੇ ਜਾਣ ਦੇ ਬਾਵਜੂਦ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ‘ਚ ਕੋਈ ਕਮੀ ਨਹੀਂ ਆਈ ਹੈ। ਲੋਕ ਅਜੇ ਵੀ ਉਹਨਾਂ ਦੇ ਨਵੇਂ ਗੀਤ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਹਨ। ਹੁਣ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਫੈਨਜ਼ ਦਾ ਇੰਤਜ਼ਾਰ ਖਤਮ ਹੋ ਚੁੱਕਾ ਹੈ। ਦਸ ਦਈਏ ਕਿ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘MERA NA’ ਅੱਜ ਯਾਨੀ 7 ਅਪ੍ਰੈਲ ਨੂੰ ਰਿਲੀਜ਼ ਹੋ ਗਿਆ ਹੈ। ਇਸ ਗੀਤ ’ਚ ਸਿੱਧੂ ਮੂਸੇਵਾਲਾ ਦਾ ਬਰਨਾ ਬੁਆਏਜ਼ ਤੇ ਸਟੀਲ ਬੈਂਗਲਜ਼ ਨੇ ਸਾਥ ਦਿੱਤਾ ਹੈ। ਗੀਤ ਨੇ ਰਿਲੀਜ਼ ਹੁੰਦਿਆਂ ਸਾਰ ਹੀ ਲੱਖਾਂ ਲੋਕਾਂ ਦਾ ਦਿਲ ਜਿੱਤ ਲਿਆ ਹੈ।

ਦਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸੋਸ਼ਲ ਮੀਡੀਆ ’ਤੇ ਗੀਤ ਦਾ ਪੋਸਟਰ ਤੇ ਗਾਣੇ ਦੇ ਰਿਲੀਜ਼ ਹੋਣ ਦੀ ਤਾਰੀਖ਼ ਸਾਂਝੀ ਕੀਤੀ ਸੀ। ਜ਼ਿਕਰਯੋਗ ਹੈ ਕਿ ਕਈ ਮਹੀਨਿਆਂ ਤੋਂ ਸਿੱਧੂ ਦਾ ਕੋਈ ਨਵਾਂ ਗੀਤ ਰਿਲੀਜ਼ ਨਹੀਂ ਹੋਇਆ ਸੀ, ਇਸ ਲਈ ਸਿੱਧੂ ਮੂਸੇਵਾਲੇ ਨੂੰ ਚਾਹੁਣ ਵਾਲਿਆਂ ਨੂੰ ਹੁਣ 7 ਅਪ੍ਰੈਲ ਦੀ ਬੇਸਬਰੀ ਨਾਲ ਉਡੀਕ ਸੀ ਜੋ ਹੁਣ ਆਖਿਰਕਾਰ ਖਤਮ ਹੋ ਹੀ ਗਈ ਹੈ। ਇਥੇ ਇਹ ਵੀ ਦਸਣਾ ਬਣਦਾ ਹੈ ਕਿ ਸਿੱਧੂ ਦੀ ਮੌਤ ਤੋਂ ਬਾਅਦ ਰਿਲੀਜ਼ ਹੋਣ ਵਾਲਾ ਇਹ ਤੀਜਾ ਗੀਤ ਹੈ। ਇਸ ਤੋਂ ਪਹਿਲਾਂ ‘SYL’ ਤੇ ‘ਵਾਰ’ ਗੀਤ ਰਿਲੀਜ਼ ਕੀਤਾ ਗਿਆ ਸੀ।

