‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਪੁਲਿਸ ਨੂੰ ਚਕਮਾ ਦੇਕੇ ਫਰਾਰ ਹੋਏ ਲਗਭਗ 13-14 ਦਿਨ ਹੋ ਚੁੱਕੇ ਹਨ। ਆਏ ਦਿਨ ਅੰਮ੍ਰਿਤਪਾਲ ਸਿੰਘ ਨੂੰ ਲੈਕੇ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ। ਹੁਣ ਪੁਲਿਸ ਨੂੰ ਅੰਮ੍ਰਿਤਪਾਲ ਸਿੰਘ ਦੇ ਧਾਰਮਿਕ ਸਥਾਨ ’ਤੇ ਲੁਕੇ ਹੋਣ ਦੀ ਖੁਫ਼ੀਆ ਸੂਚਨਾ ਮਿਲੀ ਹੈ। ਜਿਸ ਤੋਂ ਬਾਅਦ ਪੁਲਿਸ ਨੇ ਪੰਜਾਬ ਦੇ 300 ਤੋਂ ਵੱਧ ਡੇਰਿਆਂ ਅਤੇ ਧਾਰਮਿਕ ਸਥਾਨਾਂ ਦੀ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਪੁਲਿਸ ਨੇ ਆਪਣੀ ਸਰਚ ਬਠਿੰਡਾ, ਹੁਸ਼ਿਆਰਪੁਰ, ਜਲੰਧਰ ਅਤੇ ਕਪੂਰਥਲਾ ’ਚ ਦੇ ਕਈ ਡੇਰਿਆਂ ਤੋਂ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਡਰੋਨ ਦੀ ਮਦਦ ਵੀ ਲਈ ਜਾ ਰਹੀ ਹੈ।
ਪਿਛਲੇ 48 ਘੰਟਿਆਂ ’ਚ ਅੰਮ੍ਰਿਤਪਾਲ ਨੇ ਆਪਣੀਆਂ ਦੋ ਵੀਡੀਓਜ਼ ਜਾਰੀ ਕੀਤੀਆਂ ਹਨ, ਜਿਨ੍ਹਾਂ ’ਚ ਉਸ ਨੇ ਸਪੱਸ਼ਟ ਕਿਹਾ ਹੈ ਕਿ ਉਹ ਵਿਦੇਸ਼ ਨਹੀਂ ਭੱਜੇਗਾ। ਹੋਰ ਤਾਂ ਹੋਰ ਵੀਡੀਓਜ਼ ‘ਚ ਉਸ ਵਲੋਂ ਸਰਬੱਤ ਖਾਲਸਾ ਬੁਲਾਉਣ ਦੀ ਮੰਗ ਵੀ ਕੀਤੀ ਜਾ ਰਹੀ ਹੈ। ਅੰਮ੍ਰਿਤਪਾਲ ਵੱਲੋਂ ਇਕ ਤੋਂ ਬਾਅਦ ਇਕ ਵੀਡੀਓ ਪੋਸਟ ਕਰਨ ਦੇ ਨਾਲ ਹੀ ਹੁਣ ਸੁਰੱਖਿਆ ਏਜੰਸੀਆਂ ਦੇ ਨਾਲ-ਨਾਲ ਸੂਬੇ ਦੇ ਸਾਈਬਰ ਸੈੱਲ ਨੇ ਵੀ ਉਨ੍ਹਾਂ ਨੂੰ ਦਬੋਚਣਾ ਸ਼ੁਰੂ ਕਰ ਦਿੱਤਾ ਹੈ। ਵੀਡੀਓ ਅਪਲੋਡ ਕਰਨ ਦੀ ਲੋਕੇਸ਼ਨ ਦੇ ਨਾਲ ਹੀ ਉਸ ਆਈ. ਪੀ. ਪਤੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਅੰਮ੍ਰਿਤਪਾਲ ਦੀ ਵੀਡੀਓ ਕਿਥੋਂ ਅਪਲੋਡ ਕੀਤੀ ਜਾ ਰਹੀ ਹੈ।
