‘ਆਪਰੇਸ਼ਨ ਅੰਮ੍ਰਿਤਪਾਲ’ ਤਹਿਤ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਨੂੰ ਪੰਜਾਬ ਪੁਲਿਸ ਨੇ ਰਿਹਾਅ ਕਰ ਦਿੱਤਾ ਹੈ। ਦਸ ਦਈਏ ਕਿ ਲੰਘੀ 18 ਮਾਰਚ ਨੂੰ ਪੁਲਿਸ ਨੇ ਅਮਨ-ਕਾਨੂੰਨ ਦੀ ਸਥਿਤੀ ’ਚ ਵਿਘਨ ਪਾਉਣ ਦੇ ਖ਼ਦਸ਼ੇ ਤਹਿਤ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੇ ਕੇਸਾਂ ਦੀ ਜਾਂਚ ਕੀਤੀ। ਇਸ ਦੌਰਾਨ ਧਾਰਾ 107 /151 ਤਹਿਤ ਗ੍ਰਿਫਤਾਰ ਕੀਤੇ ਗਏ 360 ਸਿੱਖ ਨੌਜਵਾਨਾਂ ਵਿਚੋਂ 348 ਨੌਜਵਾਨ ਰਿਹਾਅ ਕੀਤੇ ਜਾ ਚੁੱਕੇ ਹਨ। ਇਹ ਜਾਣਕਾਰੀ ਸਰਕਾਰ ਪੱਧਰ ਉਤੇ ਅਕਾਲ ਤਖਤ ਦੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਦਿੱਤੀ ਗਈ ਹੈ। ਦੱਸ ਦਈਏ ਕਿ ਅਕਾਲ ਤਖਤ ਦੇ ਜਥੇਦਾਰ ਵੱਲੋਂ 24 ਘੰਟਿਆਂ ਵਿਚ ਬੇਕਸੂਰ ਨੌਜਵਾਨਾਂ ਨੂੰ ਰਿਹਾਅ ਕਰਨ ਲਈ ਦਿੱਤੇ ਗਏ ਅਲਟੀਮੇਟਮ ਸਮੇਂ ਕੌਮੀ ਸੁਰੱਖਿਆ ਐਕਟ ਨੂੰ ਹਟਾਉਣ ਲਈ ਵੀ ਆਖਿਆ ਗਿਆ ਸੀ।
ਉਧਰ, ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੀ ਤਸਵੀਰ ਅਤੇ ਉਸ ਦੇ ਹੁਲੀਏ ਬਾਰੇ ਜਾਣਕਾਰੀ ਦਿੰਦੇ ਹੋਏ ਇਕ ਪੋਸਟਰ ਜਾਰੀ ਕੀਤਾ ਹੈ। ਜਿਸ ਵਿਚ ਪੁਲਿਸ ਨੇ ਲਿਖਿਆ ਕਿ ਇਹ ਵਿਅਕਤੀ ਪੁਲਿਸ ਨੂੰ ਲੋੜੀਂਦਾ ਹੈ। ਲੋਕਾਂ ਨੂੰ ਸੁਚਿਤ ਕੀਤਾ ਕਿ ਜੇਕਰ ਕਿਸੇ ਵਿਅਕਤੀ ਨੂੰ ਅੰਮ੍ਰਿਤਪਾਲ ਸਿੰਘ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਇਸ ਬਾਰੇ ਪੁਲਿਸ ਨੂੰ ਸੂਚਨਾ ਦੇਵੇ। ਇਸ ਸਬੰਧੀ ਕੰਟਰੋਲ ਰੂਮ, ਐੱਸਐੱਸਪੀ ਦਫ਼ਤਰ ਦਾ ਨੰਬਰ, ਡੀਐੱਸਪੀ ਅਤੇ ਐੱਸਐੱਚਓ ਅਜਨਾਲਾ ਦਾ ਨੰਬਰ ਵੀ ਦਿੱਤਾ ਗਿਆ ਹੈ।
