ਬੀਤੇ ਕੱਲ੍ਹ ਫਰਾਰ ਅੰਮ੍ਰਿਤਪਾਲ ਸਿੰਘ ਦੀ ਇਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਵਿਚ ਉਹਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸਿੱਖ ਕੌਮ ਨੂੰ ਆ ਰਹੀਆਂ ਦਰਪੇਸ਼ ਚੁਣੌਤੀਆਂ ’ਤੇ ਚਰਚਾ ਲਈ ਅਗਲੇ ਮਹੀਨੇ ਵਿਸਾਖੀ ਦਿਹਾੜੇ ’ਤੇ ਸਰਬੱਤ ਖ਼ਾਲਸਾ ਸੱਦਣ ਦੀ ਅਪੀਲ ਕੀਤੀ ਸੀ। ਇਸ ਵੀਡੀਓ ਦੇ ਨਸ਼ਰ ਹੋਣ ਤੋਂ ਬਾਅਦ ਪੁਲਿਸ ਨੇ ਹੁਣ ਇਹ ਪਤਾ ਲਗਾ ਲਿਆ ਹੈ ਕਿ ਇਹ ਵੀਡੀਓ ਕਿਥੋਂ ਦੀ ਹੈ। ਸੂਤਰਾਂ ਮੁਤਾਬਕ ਇਹ ਵੀਡੀਓ ਪੰਜਾਬ ਨਹੀਂ ਸਗੋਂ 28 ਮਾਰਚ ਨੂੰ ਉੱਤਰ ਪ੍ਰਦੇਸ਼ ਵਿੱਚ ਰਿਕਾਰਡ ਕੀਤੀ ਗਈ ਸੀ। ਇਨ੍ਹਾਂ ਹੀ ਨਹੀਂ ਇਹ ਵੀਡੀਓ ਕੈਨੇਡਾ, ਯੂਕੇ ਤੇ ਦੁਬਈ ਦੇ ਬ੍ਰਾਡਕਾਸਟ ਹੋਈ ਸੀ। ਇਸ ਮਗਰੋਂ ਸੁਰੱਖਿਆ ਏਜੰਸੀਆਂ ਹੋਰ ਅਲਰਟ ਹੋ ਗਈਆਂ ਹਨ। ਦੱਸ ਦਈਏ ਕਿ ਅੰਮ੍ਰਿਤਪਾਲ ਸਿੰਘ ਨੇ ਬੁੱਧਵਾਰ ਨੂੰ ਇੱਕ ਵੀਡੀਓ ਜਾਰੀ ਕੀਤੀ ਹੈ। ਸੂਤਰਾਂ ਮੁਤਾਬਕ ਇਸ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਇਹ 28 ਮਾਰਚ ਨੂੰ ਰਿਕਾਰਡ ਕੀਤੀ ਗਈ ਸੀ ਤੇ ਨੇਪਾਲ ਦੇ ਨਾਲ ਲੱਗਦੇ ਉੱਤਰ ਪ੍ਰਦੇਸ਼ ਦੇ ਇਲਾਕੇ ਵਿੱਚ ਸ਼ੂਟ ਕੀਤਾ ਗਿਆ ਸੀ। ਇਹ ਵੀ ਖੁਲਾਸਾ ਹੋਇਆ ਹੈ ਕਿ ਇਹ ਵੀਡੀਓ ਦੇਸ਼ ਤੋਂ ਬਾਹਰ ਪ੍ਰਸਾਰਿਤ ਕੀਤੀ ਗਈ ਸੀ। ਸੂਤਰਾਂ ਮੁਤਾਬਕ ਪੁਲਿਸ ਨੇ ਤਿੰਨ ਆਈਪੀ ਐਡਰੈਸ ਦੀ ਪਛਾਣ ਕੀਤੀ ਹੈ, ਜੋ ਕੈਨੇਡਾ, ਯੂਕੇ ਤੇ ਦੁਬਈ ਦੇ ਹਨ। ਇਨ੍ਹਾਂ ਦੇਸ਼ਾਂ ਵਿੱਚ ਵੀਡੀਓ ਇੰਟਰਨੈੱਟ ‘ਤੇ ਪਾਏ ਗਏ ਸਨ।
ਅੰਮ੍ਰਿਤਪਾਲ ਸਿੰਘ ਨੇ ਵੀਡੀਓ ਸੁਨੇਹੇ ਜ਼ਰੀਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਸਿੱਖ ਕੌਮ ਨੂੰ ਦਰਪੇਸ਼ ਚੁਣੌਤੀਆਂ ’ਤੇ ਚਰਚਾ ਲਈ ਅਗਲੇ ਮਹੀਨੇ ਵਿਸਾਖੀ ਦਿਹਾੜੇ ’ਤੇ ਸਰਬੱਤ ਖ਼ਾਲਸਾ ਸੱਦਣ। ਉਸ ਨੇ ਕਿਹਾ ਕਿ ਲੋਕ ਪਹਿਲਾਂ ਹੀ ਜਾਗਰੂਕ ਹਨ ਜਿਸ ਕਰਕੇ ਜਥੇਦਾਰ ਹੁਣ ਲੋਕ ਮਨਾਂ ਵਿਚ ਬਣੇ ਖੌਫ਼ ਨੂੰ ਤੋੜਨ ਲਈ ਅਗਵਾਈ ਕਰਨ। ਉਨ੍ਹਾਂ ਕਿਹਾ ਕਿ ਜੇ ਜਵਾਨੀ ਤੇ ਪੰਜਾਬ ਨੂੰ ਬਚਾਉਣਾ ਹੈ ਤਾਂ ਭਾਈਚਾਰੇ ਨੂੰ ਛੋਟੇ ਮੋਟੇ ਧਰਨਿਆਂ ਤੇ ਮੋਰਚਿਆਂ ਦੀ ਥਾਂ ਉਸੇ ਤਰ੍ਹਾਂ ਸਰਬੱਤ ਖ਼ਾਲਸਾ ਵਿਚ ਹਿੱਸਾ ਲੈਣਾ ਚਾਹੀਦਾ ਹੈ ਜਿਵੇਂ ਅਬਦਾਲੀ ਦੁਆਰਾ ਸਿੱਖਾਂ ਦੀ ਨਸਲਕੁਸ਼ੀ ਕਰਨ ਤੋਂ ਬਾਅਦ ਸਰਬੱਤ ਖ਼ਾਲਸਾ ’ਚ ਇਕੱਠ ਹੋਇਆ ਸੀ। ਅੰਮ੍ਰਿਤਪਾਲ ਸਿੰਘ ਨੇ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ ਨੂੰ ਸਰਬੱਤ ਖ਼ਾਲਸਾ ਵਿਚ ਹਿੱਸਾ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਜੇ ਅਸੀਂ ਇਸ ਵੇਲੇ ਵੀ ਘਰਾਂ ਵਿਚ ਬੈਠੇ ਰਹੇ ਤਾਂ ਆਉਣ ਵਾਲੀ ਪੀੜ੍ਹੀ ਕਦੇ ਮੁਆਫ਼ ਨਹੀਂ ਕਰੇਗੀ।
