ਪਟਿਆਲਾ ਪੁਲੀਸ ਨੇ ‘ਅਪਰੇਸ਼ਨ ਪਠਾਣ’ ਤਹਿਤ ਇੱਕ ਬੇਹੱਦ ਫਿਲਮੀ ਅੰਦਾਜ਼ ਵਿੱਚ ਭਗੌੜੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਦਬੋਚ ਲਿਆ ਹੈ। ਪਿਛਲੇ ਕਈ ਮਹੀਨਿਆਂ ਤੋਂ 7 ਸੂਬਿਆਂ ਦੀ ਪੁਲੀਸ ਨੂੰ ਭਜਾਉਣ ਵਾਲੇ ਪਠਾਣਮਾਜਰਾ ਦੀ ਗ੍ਰਿਫਤਾਰੀ ਪੰਜਾਬ ਪੁਲੀਸ ਲਈ ਇੱਕ ਵੱਡੀ ਚੁਣੌਤੀ ਬਣੀ ਹੋਈ ਸੀ। ਐਸ.ਐਸ.ਪੀ. ਵਰੁਣ ਸ਼ਰਮਾ ਨੇ ਪੁਸ਼ਟੀ ਕੀਤੀ ਕਿ ਐਸ.ਪੀ. ਵੈਭਵ ਚੌਧਰੀ ਦੀ ਅਗਵਾਈ ਹੇਠ 48 ਘੰਟਿਆਂ ਤੱਕ ਚੱਲੇ ਇੱਕ ਬੇਹੱਦ ਗੁਪਤ ਅਪਰੇਸ਼ਨ ਤੋਂ ਬਾਅਦ ਇਹ ਸਫਲਤਾ ਮਿਲੀ ਹੈ।
ਪੁਲੀਸ ਦੀਆਂ 6 ਟੀਮਾਂ ਪਿਛਲੇ ਕਈ ਮਹੀਨਿਆਂ ਤੋਂ ਹਰ ਛੋਟੇ-ਵੱਡੇ ਸੁਰਾਗ ’ਤੇ ਕੰਮ ਕਰ ਰਹੀਆਂ ਸਨ ਤਾਂ ਜੋ ਇਸ ਹਾਈ-ਪ੍ਰੋਫਾਈਲ ਮੁਲਜ਼ਮ ਤੱਕ ਪਹੁੰਚਿਆ ਜਾ ਸਕੇ।
ਇਸ ਗ੍ਰਿਫਤਾਰੀ ਪਿੱਛੇ ਸਭ ਤੋਂ ਵੱਡਾ ਹੱਥ ‘ਤਕਨੀਕੀ ਸੂਝ-ਬੂਝ’ ਦਾ ਰਿਹਾ। ਜਿੱਥੇ ਇਹ ਚਰਚਾ ਸੀ ਕਿ ਵਿਧਾਇਕ ਆਸਟਰੇਲੀਆ ਫ਼ਰਾਰ ਹੋ ਚੁੱਕਾ ਹੈ, ਉੱਥੇ ਹੀ ਦੋ ਦਿਨ ਪਹਿਲਾਂ ਪੁਲੀਸ ਨੂੰ ਗਵਾਲੀਅਰ ਦੇ ਇੱਕ ਹੋਟਲ ਦੇ Wi-Fi ਕਨੈਕਸ਼ਨ ਰਾਹੀਂ ਇੱਕ ਅਹਿਮ ਸੁਰਾਗ ਮਿਲਿਆ। ਜਾਂਚ ਦੌਰਾਨ ਪਤਾ ਲੱਗਾ ਕਿ ਉਸ Wi-Fi ’ਤੇ ਇੱਕ ਬ੍ਰਿਟੇਨ (UK) ਦਾ ਮੋਬਾਈਲ ਨੰਬਰ ਵਰਤਿਆ ਜਾ ਰਿਹਾ ਹੈ। ਜਦੋਂ ਪੁਲੀਸ ਨੇ ਇਸ ਨੰਬਰ ਦੀ ਡੂੰਘਾਈ ਨਾਲ ਪੜਤਾਲ ਕੀਤੀ, ਤਾਂ ਸਾਫ਼ ਹੋ ਗਿਆ ਕਿ ਇਸ ਦੀ ਵਰਤੋਂ ਪਠਾਣਮਾਜਰਾ ਹੀ ਕਰ ਰਿਹਾ ਸੀ। ਇਸ ਇੱਕ ਗਲਤੀ ਨੇ ਪੁਲੀਸ ਨੂੰ ਮੁਲਜ਼ਮ ਦੇ ਬਿਲਕੁਲ ਕੋਲ ਪਹੁੰਚਾ ਦਿੱਤਾ ਅਤੇ ‘ਅਪਰੇਸ਼ਨ ਪਠਾਣ’ ਸਫਲਤਾਪੂਰਵਕ ਨੇਪਰੇ ਚੜ੍ਹਿਆ।