-68 ਸਾਲ ਬਾਅਦ ਟਾਟਾ ਸੰਨਜ਼ ਨੇ ‘ਏਅਰ ਇੰਡੀਆ’ ਦਾ ਮਾਲਕਾਨਾ ਹੱਕ ਮੁੜ ਤੋਂ ਖਰੀਦ ਕੇ ਸਰਕਾਰੀ ਏਅਰ ਲਾਈਨਜ਼ ਦੀ ਘਰ ਵਾਪਸੀ ਕਰ ਲਈ ਹੈ | ਟਾਟਾ ਗਰੁੱਪ ਨੇ ਏਅਰ ਇੰਡੀਆ ਨੂੰ 18 ਹਜ਼ਾਰ ਕਰੋੜ ‘ਚ ਖ਼ਰੀਦਿਆ ਹੈ | ਵਿੱਤ ਮੰਤਰਾਲੇ ਦੇ ਨਿਵੇਸ਼ ਅਤੇ ਜਨਤਕ ਅਸਾਸਿਆਂ ਦੇ ਪ੍ਰਬੰਧਨ ਵਿਭਾਗ (ਦੀਪਮ) ਦੇ ਸਕੱਤਰ ਤੁਹੀਕ ਕਾਂਤ ਪਾਂਡੇ ਨੇ ਦਿੱਲੀ ‘ਚ ਇਕ ਪ੍ਰੈੱਸ ਕਾਨਫ਼ਰੰਸ ‘ਚ ਉਕਤ ਐਲਾਨ ਕੀਤਾ | ਪਾਂਡੇ ਮੁਤਾਬਿਕ ਟਾਟਾ ਸੰਨਜ਼ ਦੀ ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈੱਸ ‘ਚ 100 ਫੀਸਦੀ ਹਿੱਸੇਦਾਰੀ ਹੋਵੇਗੀ | ਜਦਕਿ ਰਜਾਊਾਡ ਹੈਂਡਿਲੰਗ ਕੰਪਨੀ ਏਅਰ ਇੰਡੀਆ S1TS ਏਅਰਪੋਰਟ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ‘ਚ ਵੀ 50 ਫੀਸਦੀ ਹਿੱਸੇਦਾਰੀ ਹੋਵੇਗੀ | 18000 ਕਰੋੜ ਰੁਪਏ ਦੀ ਬੋਲੀ ‘ਚ 15,300 ਕਰੋੜ ਰੁਪਏ ਦਾ ਕਰਜ਼ਾ ਕੰਪਨੀ ਵਲੋਂ ਲਿਆ ਗਿਆ ਹੈ ਜਦਕਿ ਸਰਕਾਰ ਨੂੰ 2700 ਕਰੋੜ ਰੁਪਏ ਨਗਦ ਮਿਲਣਗੇ | ਇਸ ਸੌਦੇ ‘ਚ ਏਅਰ ਇੰਡੀਆ ਦੀ ਜ਼ਮੀਨ ਅਤੇ ਇਮਾਰਤਾਂ ਸਮੇਤ ਕਿਸੇ ਵੀ ਗ਼ੈਰ ਅਸਾਸੇ ਨੂੰ ਵੇਚਿਆ ਨਹੀਂ ਜਾਵੇਗਾ | 14,718 ਕਰੋੜ ਰੁਪਏ ਦੇ ਇਹ ਅਸਾਸੇ ਸਰਕਾਰੀ ਕੰਪਨੀ ਏ. ਆਈ. ਏ. ਐਚ. ਐਲ ਦੇ ਸਪੁਰਦ ਕੀਤੇ ਜਾਣਗੇ | ਟਾਟਾ ਸੰਨਜ਼ ਵਲੋਂ ਸਾਰਾ ਲੈਣ ਦੇਣ ਦਸੰਬਰ ਤੱਕ ਪੂਰਾ ਕੀਤਾ ਜਾਵੇਗਾ |
ਇਕ ਸਾਲ ਤੱਕ ਮੁਲਾਜ਼ਮਾਂ ਨੂੰ ਰੱਖਣਾ ਹੋਵੇਗਾ
ਇਸ ਸੌਦੇ ਤਹਿਤ ਟਾਟਾ ਸੰਨਜ਼ ਨੂੰ ਇਕ ਸਾਲ ਤੱਕ ਲਈ ਏਅਰ ਇੰਡੀਆ ਦੇ ਮੁਲਾਜ਼ਮਾਂ ਨੂੰ ਵੀ ਰੱਖਣਾ ਹੋਵੇਗਾ | ਉਸ ਤੋਂ ਬਾਅਦ ਦੂਜੇ ਸਾਲ ‘ਚ ਉਨ੍ਹਾਂ ਨੂੰ ਵੀ. ਆਰ. ਐਸ. ਭਾਵ ‘ਵੈਕਲਪਿਕ ਰਿਟਾਇਰਮੈਂਟ ਸਕੀਮ’ ਦਿੱਤੀ ਜਾ ਸਕਦੀ ਹੈ | ਸਰਕਾਰ ਵਲੋਂ 4 ਮਹੀਨੇ ‘ਚ ਟਾਟਾ ਨੂੰ ਪੂਰੀ ਏਅਰਲਾਈਨਜ਼ ਦੀ ਜ਼ਿੰਮੇਵਾਰੀ ਦਿੱਤੀ ਜਾਵੇਗੀ, ਜਦਕਿ ਇਸ ਦਾ ਤਬਦੀਲੀ ਦਾ ਅਮਲ 15 ਦਿਨ ਬਾਅਦ ਸ਼ੁਰੂ ਹੋ ਜਾਵੇਗਾ | ਸਰਕਾਰ ਵਲੋਂ ਏਅਰ ਇੰਡੀਆ ਦਾ ਰਾਖਵਾਂ ਮੁੱਲ 12,906 ਕਰੋੜ ਰੁਪਏ ਰੱਖਿਆ ਗਿਆ ਸੀ | ਏਅਰ ਇੰਡੀਆ ਲਈ ਸਪਾਈਸ ਜੈੱਟ ਨੇ 15 ਹਜ਼ਾਰ ਕਰੋੜ ਰੁਪਏ ਦੀ ਬੋਲੀ ਲਾਈ ਸੀ ਜਦਕਿ ਟਾਟਾ ਸੰਨਜ਼ ਨੇ 3 ਹਜ਼ਾਰ ਕਰੋੜ ਰੁਪਏ ਵੱਧ ਦੀ ਬੋਲੀ ਲਾ ਕੇ ਏਅਰ ਇੰਡੀਆ ‘ਤੇ ਆਪਣਾ ਕਬਜ਼ਾ ਲੈ ਲਿਆ | ਬੋਲੀ ਜਿੱਤਣ ਵਾਲਾ ਟਾਟਾ ਗਰੁੱਪ ਏਅਰ ਇੰਡੀਆ ਦਾ 15,300 ਕਰੋੜ ਰੁਪਏ ਦਾ ਕਰਜਾ ਲੈ ਰਿਹਾ ਹੈ ਜਦਕਿ 20 ਹਜ਼ਾਰ ਕਰੋੜ ਰੁਪਏ ਦਾ ਕਰਜਾ ਜੋ ਪਿਛਲੇ ਦੋ ਸਾਲਾਂ ‘ਚ ਵਧਿਆ ਹੈ, ਸਰਕਾਰ ਆਪਣੇ ਉੱਪਰ ਲਏਗੀ |
ਰਤਨ ਟਾਟਾ ਨੇ ਕਿਹਾ ‘ਵੈਲਕਮ ਬੈਕ’
ਟਾਟਾ ਗਰੁੱਪ ਦੇ ਚੇਅਰਮੈਨ ਰਤਨ ਟਾਟਾ ਨੇ ਬੋਲੀ ਜਿੱਤਣ ਦਾ ਰਸਮੀ ਐਲਾਨ ਹੋਣ ਤੋਂ ਬਾਅਦ ਖੁਸ਼ੀ ਪ੍ਰਗਟ ਕਰਦਿਆਂ ਸੋਸ਼ਲ ਮੀਡੀਆ ‘ਤੇ ਲਿਖਿਆ ‘ਵੈਲਕਮ ਬੈਕ ਏਅਰ ਇੰਡੀਆ’ ਰਤਨ ਟਾਟਾ ਨੇ ਟਵਿਟਰ ‘ਤੇ ਇਸ ਸੰਦੇਸ਼ ਦੇ ਨਾਲ ਇਕ ਪੁਰਾਣੀ ਤਸਵੀਰ ਵੀ ਸਾਂਝੀ ਕੀਤੀ, ਜਿਸ ‘ਚ ਕੰਪਨੀ ਦੇ ਸਾਬਕਾ ਚੇਅਰਮੈਨ ਜੇ. ਆਰ. ਡੀ. ਟਾਟਾ ਦੀ ਤਸਵੀਰ ਹੈ | ਜੇ. ਆਰ. ਡੀ. ਟਾਟਾ ਨੇ 1932 ‘ਚ ਟਾਟਾ ਏਅਰ ਲਾਈਨਜ਼ ਦੀ ਸ਼ੁਰੂਆਤ ਕੀਤੀ ਸੀ, ਜਿਸ ਦਾ ਨਾਂਅ 1946 ‘ਚ ਬਦਲ ਕੇ ਏਅਰ ਇੰਡੀਆ ਕਰ ਦਿੱਤਾ ਗਿਆ | 1953 ‘ਚ ਸਾਰੀਆਂ ਏਅਰਲਾਈਨਜ਼ ਦਾ ਰਾਸ਼ਟਰੀਕਰਨ ਹੋਣ ਕਰਕੇ ਏਅਰ ਇੰਡੀਆ ਸਰਕਾਰੀ ਕੰਪਨੀ ਬਣ ਗਈ ਸੀ |
ਕਰਜ਼ੇ ਹੇਠਾਂ ਦੱਬੀ ਏਅਰ ਇੰਡੀਆ ਨੂੰ ਵੇਚਣ ਦੀ 2 ਦਹਾਕਿਆਂ ਤੋਂ ਕੀਤੀ ਜਾ ਰਹੀ ਸੀ ਕੋਸ਼ਿਸ਼
ਏਅਰ ਇੰਡੀਆ ਨੂੰ ਵੇਚਣ ਦਾ ਫੈਸਲਾ ਵੀ ਭਾਜਪਾ ਸਰਕਾਰ ਦੇ ਸਮੇਂ ਹੀ ਲਿਆ ਗਿਆ ਸੀ | ਸਾਲ 2000 ‘ਚ ਅਟਲ ਬਿਹਾਰੀ ਬਾਜਪਾਈ ਦੀ ਸਰਕਾਰ ਦੇ ਸਮੇਂ ਏਅਰ ਇੰਡੀਆ ਨੂੰ ਵੇਚਣ ਦਾ ਫ਼ੈਸਲਾ ਕੀਤਾ ਗਿਆ ਸੀ | 2018 ‘ਚ ਕਰਜ਼ੇ ਹੇਠਾਂ ਦੱਬੀ ਏਅਰ ਇੰਡੀਆ ਦਾ 76 ਫੀਸਦੀ ਹਿੱਸਾ ਵੇਚਣ ਲਈ ਬੋਲੀ ਮੰਗੀ ਗਈ ਸੀ ਅਤੇ ਪ੍ਰਬੰਧ ਆਪਣੇ ਕੋਲ ਰੱਖਣ ਦੀ ਗੱਲ ਕਹੀ ਗਈ ਸੀ ਪਰ ਕਿਸੇ ਵਲੋਂ ਦਿਲਚਸਪੀ ਨਾ ਦਿਖਾਉਣ ਕਾਰਨ ਇਸ ਨੂੰ 100 ਫੀਸਦੀ ਵੇਚਣ ਦਾ ਫ਼ੈੈਸਲਾ ਕੀਤਾ ਗਿਆ |
