ਏਸ਼ੀਆ ਦੇ ਸਭ ਤੋਂ ਉੱਚੇ ਮੰਨੇ ਜਾਣ ਵਾਲੇ ਭਾਖਡ਼ਾ ਡੈਮ ਨੂੰ 22 ਅਕਤੂਬਰ 1963 ਨੂੰ ਤਤਕਾਲੀ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਰਾਸ਼ਟਰ ਨੂੰ ਸਮਰਪਿਤ ਕੀਤਾ ਸੀ।
ਬਿਲਾਸਪੁਰ ਜ਼ਿਲ੍ਹੇ (ਹਿਮਾਚਲ ਪ੍ਰਦੇਸ਼) ਦੇ ਪਿੰਡ ਭਾਖਡ਼ਾ ਕੋਲ ਦੋ ਤੰਗ ਪਹਾਡ਼ਾਂ ਵਿਚਕਾਰ ਬਣੇ ਭਾਖਡ਼ਾ ਡੈਮ ਦੇ ਪਿਛੋਕਡ਼ ਤੇਜੇਕਰ ਝਾਤ ਮਾਰੀ ਜਾਵੇ ਤਾਂ ਇਸ ਪ੍ਰਾਜੈਕਟ ਦੇ ਅਸਲ ਹੀਰੋ 1923 ’ਚ ਅਣਵੰਡੇ ਪੰਜਾਬ ਦੇ ਵਿਧਾਨਕਾਰ ਕੌਂਸਲ ਦੇ ਮੈਂਬਰ ਅਤੇ ਖੇਤੀਬਾਡ਼ੀ ਮੰਤਰੀ ਸਰ ਛੋਟੂ ਰਾਮ ਸਨ ਜਿਨ੍ਹਾਂ ਨੇ ਠੰਢੇ ਬਸਤੇ ’ਚ ਦੱਬੀ ਇਸ ਪ੍ਰਾਜੈਕਟ ਦੀ ਫਾਈਲ ਨੂੰ ਕੱਢ ਕੇ ਇਸ ਨੂੰ ਪੂਰਾ ਕਰਨ ਲਈ ਯਤਨ ਸ਼ੁਰੂ ਕੀਤੇ।
ਭਾਖਡ਼ਾ ਡੈਮ ਦੀ ਉਸਾਰੀ ਦਾ ਕੰਮ ਭਾਵੇਂ ਆਜ਼ਾਦੀ ਤੋਂ ਬਾਅਦ ਹੀ ਸ਼ੁਰੂ ਹੋਇਆ ਪਰ 1915 ’ਚ ਹੀ ਇਸ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ। ਨਿਕਸਲਨ ਦੀ ਖੋਜ ਤੋਂ ਬਾਅਦ 1920 ਤੋਂ 1938 ਦੌਰਾਨ ਇਸ ਡੈਮ ’ਤੇ ਕਾਫੀ ਕੰਮ ਕੀਤਾ ਗਿਆ। ਇਸ ਪ੍ਰਾਜੈਕਟ ਲਈ ਸਮਝੌਤੇ ’ਤੇ ਤਤਕਾਲੀ ਪੰਜਾਬ ਦੇ ਮਾਲ ਮੰਤਰੀ ਸਰ ਛੋਟੂ ਰਾਮ ਨੇ ਨਵੰਬਰ 1944 ’ਚ ਬਿਲਾਸਪੁਰ ਦੇ ਰਾਜੇ ਨਾਲ ਹਸਤਾਖਰ ਕੀਤੇ ਸਨ ਅਤੇ ਪ੍ਰਾਜੈਕਟ ਯੋਜਨਾ ਨੂੰ 8 ਜਨਵਰੀ 1945 ਨੂੰ ਅੰਤਮ ਰੂਪ ਦੇ ਦਿੱਤਾ ਸੀ। 1944 ’ਚ ਅਮਰੀਕੀ ਭੂ-ਵਿਗਿਆਨੀ ਡਾਕਟਰ ਜੇਐਲ ਸੈਜਿਮ ਨੇ ਡੈਮ ਦੇ ਦੋਹਾਂ ਸਿਰਿਆਂ ’ਤੇ ਪਹਾਡ਼ਾਂ ਨੂੰ ਮਜ਼ਬੂਤ ਕਰਨ ਦਾ ਮਸ਼ਵਰਾ ਦਿੱਤਾ। ਇਸੇ ਕਡ਼ੀ ਤਹਿਤ 1945 ਤੋਂ 1947 ਤਕ ਅਮਰੀਕੀ ਭੂ-ਵਿਗਿਆਨੀ ਡਾ. ਐੱਫਏ ਨਿਕਲ ਨੇ ਡੈਮ ਦੀਆਂ ਨੀਹਾਂ ਅਤੇ ਡੂੰਘੇ ਪੱਧਰ ਤਕ ਸਤ੍ਹਾ ਦੀ ਜਾਂਚ ਕਰਨ ਲਈ 58 ਵਾਰ ਡਰਿਲਿੰਗ ਕੀਤੀ। ਇਸ ਉਪਰੰਤ ਅਮਰੀਕਾ ਦੀ ਡੈਨਵਰ ਕੰਪਨੀ ਵੱਲੋਂ ਇਸ ਦਾ ਡਿਜ਼ਾਈਨ ਤਿਆਰ ਕਰ ਕੇ ਅੰਤਿਮ ਛੋਹ ਪ੍ਰਦਾਨ ਕੀਤੀ ਗਈ।
ਬੇਸ਼ੱਕ ਭਾਖਡ਼ਾ ਡੈਮ ਮੁੱਖ ਰੂਪ ’ਚ ਸਿੰਚਾਈ ਪ੍ਰਾਜੈਕਟ ਹੀ ਸੀ ਪਰ ਬਾਅਦ ’ਚ ਇਸ ਡੈਮ ’ਤੇ ਬਿਜਲੀ ਤਿਆਰ ਕਰਨ ਦੀ ਯੋਜਨਾ ਬਣਾਈ ਗਈ। ਭਾਖਡ਼ਾ ਡੈਮ ਨੇ ਅੱਜ ਜਿਥੇ ਬਿਜਲੀ ਦੀ ਪੈਦਾਵਾਰ ਨਾਲ ਦੇਸ਼ ਦੀ ਉਦਯੋਗਿਕ ਕ੍ਰਾਂਤੀ ’ਚ ਅਹਿਮ ਰੋਲ ਅਦਾ ਕੀਤਾ ਹੈ, ਉਥੇ ਦੇਸ਼ ਦੇ ਤਿੰਨ ਸੂਬਿਆਂ, ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੀ ਕਰੀਬ 65 ਲੱਖ ਏਕਡ਼ ਜ਼ਮੀਨ ਨੂੰ ਸਿੰਚਾਈ ਲਈ ਪਾਣੀ ਦੀ ਸਪਲਾਈ ਕਰ ਕੇ ਹਰੀ ਕ੍ਰਾਂਤੀ ’ਚ ਵੀ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਡੈਮ ਦੇ ਉਦਘਾਟਨ ਮੌਕੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਇਸ ਨੂੰ ਨਵੀਨ ਭਾਰਤ ਦਾ ਆਧੁਨਿਕ ਮੰਦਿਰ ਕਿਹਾ ਸੀ, ਜੋ ਕਿ ਅੱਜ ਸੱਚ ਸਾਬਤ ਹੋ ਰਿਹਾ ਹੈ।
ਸੰਸਾਰ ਦੇ ਸਭ ਤੋਂ ਉੱਚੇ ਕੰਕਰੀਟ ਦੇ ਠੋਸ ਬੰਨ੍ਹਾ ’ਚੋਂ ਇਕ ਇਸ ਡੈਮ ਦੀ ਉਚਾਈ 225.55 ਮੀਟਰ (740 ਫੁੱਟ) ਹੈ, ਜੋ ਕਿ ਕੁਤੁਬ ਮੀਨਾਰ ਤੋਂ ਤਿੰਨ ਗੁਣਾ ਜ਼ਿਆਦਾ ਹੈ। ਡੈਮ ਦੇ ਪਿਛੇ ਬਣੀ 96.56 ਕਿਲੋਮੀਟਰ ਲੰਮੀ ਅਤੇ 168.35 ਵਰਗ ਕਿਲੋਮੀਟਰ (65 ਵਰਗ ਮੀਲ) ’ਚ ਫੈਲੀ ਗੋਬਿੰਦ ਸਾਗਰ ਝੀਲ ਦਾ ਨਾਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ’ਤੇ ਰੱਖਿਆ ਗਿਆ ਹੈ। ਇਸ ਝੀਲ ’ਚ 9621 ਮਿਲੀਅਨ ਘਣਮੀਟਰ ਪਾਣੀ ਸਮਾ ਸਕਦਾ ਹੈ। ਗਰਮੀਆਂ ਦੇ ਮੌਸਮ ’ਚ ਮਾਨ ਸਰੋਵਰ ਝੀਲ, ਰਸਤੇ ’ਚ ਬਰਫ਼ ਦਾ ਪਿਘਲਿਆ ਪਾਣੀ ਅਤੇ ਬਾਰਸ਼ ਦੀ ਰੁੱਤ ’ਚ ਆਉਣ ਵਾਲੇ ਪਾਣੀ ਨੂੰ ਇਸ ਕੈਚਮੈਂਟ ਏਰੀਏ ’ਚ ਜਮ੍ਹਾਂ ਕਰ ਲਿਆ ਜਾਂਦਾ ਹੈ ਜਿਸ ਨਾਲ ਪੰਜਾਬ, ਹਰਿਆਣਾ ਅਤੇ ਰਾਜਸਥਾਨ ’ਚ ਆਉਣ ਵਾਲੇ ਹਡ਼੍ਹਾਂ ਦੀ ਮਾਰ ਤੋਂ ਬਚਾਉਣ ’ਚ ਵੀ ਇਸ ਡੈਮ ਦਾ ਵੱਡਾ ਯੋਗਦਾਨ ਹੈ।
