ਪੰਜਾਬ ‘ਚ ਵੈਟ ਘਟਾਉਣ ਅਤੇ ਪੈਟਰੋਲ, ਡੀਜ਼ਲ ‘ਚ ਕਮਿਸ਼ਨ ਨਾ ਵਧਾਉਣ ਦੇ ਰੋਸ ਵਜੋਂ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਪੰਜਾਬ ਨੇ ਜਿਹੜਾ 7 ਨਵੰਬਰ ਤੋਂ ਦੋ ਹਫ਼ਤੇ 5 ਵਜੇ ਸ਼ਾਮ ਤੱਕ ਹੀ ਪੈਟਰੋਲ ਪੰਪ ਖੋਲ੍ਹਣ ਦਾ ਫ਼ੈਸਲਾ ਕੀਤਾ ਸੀ, ਉਸ ਨੂੰ ਬਦਲਦੇ ਹੋਏ ਐਸੋਸੀਏਸ਼ਨ ਨੇ ਆਪਣੇ ਫ਼ੈਸਲੇ ਨੂੰ ਮੁਲਤਵੀ ਕਰਦੇ ਹੋਏ ਕਿਹਾ ਹੈ ਕਿ ਇਸ ਬਾਰੇ ਅਗਲਾ ਫ਼ੈਸਲਾ ਸੋਮਵਾਰ ਨੂੰ ਕਾਰਜਕਾਰਨੀ ਦੀ ਹੋਣ ਵਾਲੀ ਮੀਟਿੰਗ ‘ਚ ਕੀਤਾ ਜਾਵੇਗਾ | ਐਸੋਸੀਏਸ਼ਨ ਨੇ 7 ਨਵੰਬਰ ਤੋਂ ਸ਼ਾਮ 5 ਵਜੇ ਤੋਂ ਬਾਅਦ ਪੈਟਰੋਲ ਪੰਪ ਬੰਦ ਕਰਨ ਅਤੇ 22 ਨਵੰਬਰ ਨੂੰ ਇਕ ਦਿਨ ਦੀ ਹੜਤਾਲ ਕਰਨ ਦਾ ਐਲਾਨ ਕੀਤਾ ਸੀ | ਜਥੇਬੰਦੀ ਦੇ ਬੁਲਾਰੇ ਮੌਂਟੀ ਸਹਿਗਲ ਦਾ ਕਹਿਣਾ ਸੀ ਕਿ 7 ਨਵੰਬਰ ਨੂੰ 5 ਵਜੇ ਤੋਂ ਬਾਅਦ ਪੈਟਰੋਲ ਪੰਪ ਬੰਦ ਕਰਨ ਦਾ ਫ਼ੈਸਲਾ ਮੁਲਤਵੀ ਕੀਤਾ ਗਿਆ ਹੈ ਕਿਉਂਕਿ ਐਸੋਸੀਏਸ਼ਨ ਨੂੰ ਆਸ ਹੈ ਕਿ ਜਿਸ ਤਰ੍ਹਾਂ ਨਾਲ ਗੁਆਂਢੀ ਰਾਜਾਂ ਨੇ ਪੈਟਰੋਲ ਅਤੇ ਡੀਜ਼ਲ ਤੋਂ ਵੈਟ ਦੀ ਦਰ ਘਟਾ ਕੇ ਪੈਟਰੋਲ ਅਤੇ ਡੀਜ਼ਲ ਸਸਤਾ ਕੀਤਾ ਹੈ ਤੇ ਉਸੇ ਤਰ੍ਹਾਂ ਨਾਲ ਪੰਜਾਬ ਸਰਕਾਰ ਨੇ ਵੀ ਵੈਟ ਘਟਾਉਣ ਦਾ ਸੰਕੇਤ ਦਿੱਤਾ ਹੈ | ਇਸ ਬਾਰੇ ਹੁਣ ਕੀਤਾ ਫ਼ੈਸਲਾ ਮੁਲਤਵੀ ਹੋ ਗਿਆ ਹੈ | ਸੋਮਵਾਰ ਨੂੰ ਕਾਰਜਕਾਰਨੀ ਦੀ ਮੀਟਿੰਗ ‘ਚ ਇਸ ਬਾਰੇ ਅਗਲਾ ਫ਼ੈਸਲਾ ਕੀਤਾ ਜਾਵੇਗਾ | ਜੇਕਰ ਸਰਕਾਰ ਵੈਟ ਦੀ ਦਰ ਘਟਾਉਂਦੀ ਹੈ ਤਾਂ ਠੀਕ ਹੈ, ਨਹੀਂ ਤਾਂ ਪੈਟਰੋਲ ਪੰਪ ਮਾਲਕ ਹੜਤਾਲ ਦਾ ਸੱਦਾ ਦੇ ਸਕਦੇ ਹਨ | ਵੈਟ ਦੀ ਦਰ ਘਟਾਉਣ ਦਾ ਫ਼ੈਸਲਾ ਕੈਬਨਿਟ ਦੀ ਮੀਟਿੰਗ ‘ਚ ਹੋਣ ਦੀ ਸੰਭਾਵਨਾ ਹੈ |
