ਦੇਸ਼ ‘ਚ ਕੋਰੋਨਾ ਵਾਇਰਸ ਦੇ ਮਾਮਲੇ ਇਕ ਵਾਰ ਫਿਰ ਤੇਜ਼ੀ ਨਾਲ ਵਧਣ ਲੱਗੇ ਹਨ | ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਬੀਤੇ 24 ਘੰਟਿਆਂ ‘ਚ ਮਹਾਂਮਾਰੀ ਦੇ 58,097 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਲਗਪਗ 199 ਦਿਨਾਂ ਬਾਅਦ ਸਭ ਤੋਂ ਵੱਧ ਹਨ | ਉਕਤ ਨਵੇਂ ਮਾਮਲਿਆਂ ਨਾਲ ਕੋਰੋਨਾ ਕੇਸਾਂ ਦੀ ਕੁੱਲ ਗਿਣਤੀ 3,50,18,358 ਹੋ ਗਈ ਹੈ, ਜਦੋਂਕਿ ਲਗਪਗ 81 ਦਿਨਾਂ ਬਾਅਦ ਸਰਗਰਮ ਕੇਸ 2 ਲੱਖ ਤੋਂ ਵੱਧ ਦਰਜ ਕੀਤੇ ਗਏ ਹਨ | ਮੰਤਰਾਲੇ ਅਨੁਸਾਰ 24 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ‘ਚ ਕੋਰੋਨਾ ਵਾਇਰਸ ਦੇ ਓਮੀਕਰੋਨ ਰੂਪ ਦੇ ਕੁੱਲ 2,135 ਕੇਸਾਂ ਦਾ ਪਤਾ ਲਗਾਇਆ ਗਿਆ ਹੈ, ਜਿਨ੍ਹਾਂ ‘ਚੋਂ 828 ਠੀਕ ਹੋ ਗਏ ਹਨ ਜਾਂ ਪਰਵਾਸ ਕਰ ਗਏ ਹਨ | ਦੇਸ਼ ‘ਚ ਕੋਵਿਡ-19 ਨਾਲ ਮਰਨ ਵਾਲਿਆਂ ਦੀ ਗਿਣਤੀ 4,82,551 ਹੋ ਗਈ ਹੈ, ਜਿਸ ‘ਚ ਬੀਤੇ ਇਕ ਦਿਨ ‘ਚ ਹੋਈਆਂ 534 ਮੌਤਾਂ ਵੀ ਸ਼ਾਮਿਲ ਹਨ | ਸਿਹਤ ਮੰਤਰਾਲੇ ਨੇ ਕਿਹਾ ਕਿ ਸਰਗਰਮ ਮਾਮਲੇ ਵਧ ਕੇ 2,14,004 ਹੋ ਗਏ ਹਨ, ਜੋ ਕੁੱਲ ਲਾਗ ਦਾ 0.61 ਫ਼ੀਸਦੀ ਹੈ |
ਓਮੀਕਰੋਨ ਕਾਰਨ ਇਕ ਦੀ ਹੋਈ ਮੌਤ-ਕੇਂਦਰ
ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਰਾਜਸਥਾਨ ਦੇ ਉਦੈਪੁਰ ‘ਚ ਪਿਛਲੇ ਹਫ਼ਤੇ ਕੋਵਿਡ-19 ਪੀੜਤ ਇਕ ਵਿਅਕਤੀ ਦੀ ਮੌਤ ਤੋਂ ਬਾਅਦ ਦੇਸ਼ ‘ਚ ਓਮੀਕਰੋਨ ਕਾਰਨ ਹੋਈ ਪਹਿਲੀ ਮੌਤ ਦਰਜ ਕੀਤੀ ਗਈ ਹੈ | ਮੰਤਰਾਲੇ ਅਨੁਸਾਰ 73 ਸਾਲਾ ਵਿਅਕਤੀ, ਜੋ ਜੀਨੋਮ ਸੀਕਵੈਂਸਿੰਗ ‘ਚ ਓਮੀਕਰੋਨ ਨਾਲ ਪੀੜਤ ਪਾਇਆ ਗਿਆ ਸੀ ਅਤੇ ਜਿਸ ਦਾ ਦੋ ਵਾਰ ਟੈਸਟ ਨੈਗੇਟਿਵ ਆਇਆ ਸੀ, ਦੀ 31 ਦਸੰਬਰ ਨੂੰ ਉਦੈਪੁਰ ਦੇ ਇਕ ਹਸਪਤਾਲ ‘ਚ ਮੌਤ ਹੋ ਗਈ ਸੀ | ਇਕ ਨਮੂਨਾ ਜੀਨੋਮ ਸੀਕਵੈਂਸਿੰਗ ਲਈ ਭੇਜਿਆ ਗਿਆ ਸੀ ਅਤੇ ਨਤੀਜੇ 25 ਦਸੰਬਰ ਨੂੰ ਪ੍ਰਾਪਤ ਹੋਏ ਸਨ, ਜਿਸ ‘ਚ ਉਹ ਵਾਇਰਸ ਦੇ ਓਮੀਕਰੋਨ ਰੂਪ ਤੋਂ ਪੀੜਤ ਪਾਇਆ ਗਿਆ ਸੀ |
