ਦਿੱਲੀ ਪੁਲੀਸ ਨੇ ਸਕੂਲਾਂ, ਹਾਈ ਕੋਰਟਾਂ ਅਤੇ ਸਰਕਾਰੀ ਦਫ਼ਤਰਾਂ ਨੂੰ 1,100 ਤੋਂ ਵੱਧ ਬੰਬ ਦੀਆਂ ਝੂਠੀਆਂ ਧਮਕੀਆਂ ਭੇਜਣ ਦੇ ਦੋਸ਼ ਵਿੱਚ ਕਰਨਾਟਕ ਤੋਂ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ।
ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਕਰਨਾਟਕ ਦੇ ਮੈਸੂਰ ਤੋਂ ਇੱਕ ਵਿਅਕਤੀ ਨੂੰ ਦੇਸ਼ ਭਰ ਦੇ ਸਕੂਲਾਂ, ਹਾਈ ਕੋਰਟਾਂ ਅਤੇ ਸਰਕਾਰੀ ਦਫ਼ਤਰਾਂ ਨੂੰ 1,100 ਤੋਂ ਵੱਧ ਬੰਬ ਦੀਆਂ ਝੂਠੀਆਂ ਧਮਕੀਆਂ ਭੇਜਣ ਦੇ ਦੋਸ਼ ਵਿੱਚ ਦਿੱਲੀ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ।
ਮੁਲਜ਼ਮ ਦੀ ਪਛਾਣ 47 ਸਾਲਾ ਸ਼੍ਰੀਨਿਵਾਸ ਲੂਈਸ ਵਜੋਂ ਹੋਈ ਹੈ, ਜਿਸ ਨੂੰ ਦਿੱਲੀ ਪੁਲੀਸ ਅਤੇ ਸਥਾਨਕ ਪੁਲੀਸ ਟੀਮਾਂ ਦੇ ਸਾਂਝੇ ਅਪਰੇਸਨ ਤੋਂ ਬਾਅਦ ਸ਼ਨਿੱਚਰਵਾਰ ਨੂੰ ਉਸ ਦੇ ਕਿਰਾਏ ਦੇ ਮਕਾਨ ਤੋਂ ਕਾਬੂ ਕੀਤਾ ਗਿਆ ਸੀ।
ਇਹ ਗ੍ਰਿਫ਼ਤਾਰੀ ਦਿੱਲੀ ਹਾਈ ਕੋਰਟ, ਵਿਧਾਨ ਸਭਾ ਅਤੇ ਕਈ ਵਿਦਿਅਕ ਅਤੇ ਸਰਕਾਰੀ ਸੰਸਥਾਵਾਂ ਨੂੰ ਭੇਜੇ ਜਾ ਰਹੇ ਬੰਬ ਦੀ ਧਮਕੀ ਵਾਲੇ ਸੰਦੇਸ਼ਾਂ ਦੇ ਹਾਲੀਆ ਸਿਲਸਿਲੇ ਦੌਰਾਨ ਹੋਈ ਹੈ। ਪੁਲੀਸ ਨੇ ਦੱਸਿਆ ਕਿ ਲੂਈਸ ਪੋਸਟ ਗ੍ਰੈਜੂਏਟ ਹੈ ਅਤੇ ਬੈਂਗਲੁਰੂ ਦਾ ਰਹਿਣ ਵਾਲਾ ਹੈ। ਉਹ ਇਸ ਸਮੇਂ ਬੇਰੁਜ਼ਗਾਰ ਹੈ ਅਤੇ ਆਪਣੀ ਮਾਂ ਦੇ ਨਾਲ ਰਹਿੰਦਾ ਹੈ, ਜੋ ਕਿ ਇੱਕ ਸੇਵਾਮੁਕਤ ਸਰਕਾਰੀ ਕਰਮਚਾਰੀ ਹੈ।
ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ, ‘ਮੁਢਲੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਉਹ ਮਾਨਸਿਕ ਤਣਾਅ ਵਿੱਚ ਹੋ ਸਕਦਾ ਹੈ। ਸ਼ੁਰੂਆਤੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਈਮੇਲ ਅਤੇ ਹੋਰ ਸੰਚਾਰ ਸਾਧਨਾਂ ਰਾਹੀਂ ਦੇਸ਼ ਭਰ ਵਿੱਚ 1,100 ਤੋਂ ਵੱਧ ਧਮਕੀ ਭਰੇ ਸੰਦੇਸ਼ ਭੇਜਣ ਦੀ ਗੱਲ ਕਬੂਲ ਕੀਤੀ ਹੈ।’
ਪੁਲੀਸ ਨੇ ਦੱਸਿਆ ਕਿ ਧਮਕੀਆਂ ਤੋਂ ਬਾਅਦ ਵੱਖ-ਵੱਖ ਸੂਬਿਆਂ ਵਿੱਚ ਕਈ ਐੱਫ.ਆਈ.ਆਰ. ਦਰਜ ਕੀਤੀਆਂ ਗਈਆਂ ਸਨ।
