ਤਾਮਿਲਨਾਡੂ ਦੇ ਕੁਨੂਰ ‘ਚ ਵਾਪਰੇ ਹੈਲੀਕਾਪਟਰ ਹਾਦਸੇ ‘ਚ ਜੀਵਿਤ ਬਚਾਏ ਗਏ ਗਰੁੱਪ ਕੈਪਟਨ ਵਰੁਣ ਸਿੰਘ ਨੇ ਇਲਾਜ਼ ਦੌਰਾਨ ਦਮ ਤੋੜ ਦਿੱਤਾ ਹੈ | ਇਹ ਜਾਣਕਾਰੀ ਬੁੱਧਵਾਰ ਨੂੰ ਹਵਾਈ ਫੌਜ ਵਲੋਂ ਦਿੱਤੀ ਗਈ | ਵਰੁਣ ਸਿੰਘ ਬੈਂਗਲੁਰੂ ਦੇ ਆਰਮੀ ਹਸਪਤਾਲ ‘ਚ ਦਾਖਲ ਸਨ | ਇਸ ਸਬੰਧੀ ਹਵਾਈ ਫੌਜ ਨੇ ਕਿਹਾ ਕਿ ਬਹਾਦਰ ਗਰੁੱਪ ਕੈਪਟਨ ਨੇ ਅੱਜ ਸਵੇਰੇ ਦਮ ਤੋੜ ਦਿੱਤਾ ਹੈ | ਹਵਾਈ ਫੌਜ ਨੇ ਟਵੀਟ ਕੀਤਾ ਕਿ ਇਹ ਦੱਸਦਿਆਂ ਬਹੁਤ ਦੁੱਖ ਹੋ ਰਿਹਾ ਹੈ ਕਿ ਬਹਾਦਰ ਗਰੁੱਪ ਕੈਪਟਨ ਵਰੁਣ ਸਿੰਘ, ਜੋ ਬੀਤੀ 8 ਦਸੰਬਰ ਨੂੰ ਹੈਲੀਕਾਪਟਰ ਹਾਦਸੇ ‘ਚ ਜ਼ਖਮੀ ਹੋ ਗਏ ਸਨ, ਦਾ ਅੱਜ ਸਵੇਰੇ ਦਿਹਾਂਤ ਹੋ ਗਿਆ | ਹਵਾਈ ਫੌਜ ਦੁੱਖ ਦਾ ਇਜ਼ਹਾਰ ਕਰਦੀ ਹੈ ਤੇ ਦੁਖੀ ਪਰਿਵਾਰ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ | ਜ਼ਿਕਰਯੋਗ ਹੈ ਕਿ ਉਕਤ ਹਾਦਸੇ ‘ਚ ਰੱਖਿਆ ਸੈਨਾਵਾਂ ਦੇ ਮੁਖੀ (ਸੀ. ਡੀ. ਐਸ.) ਜਨਰਲ ਬਿਪਿਨ ਰਾਵਤ ਤੇ ਉਨ੍ਹਾਂ ਦੀ ਪਤਨੀ ਸਮੇਤ 11 ਹੋਰ ਮਾਰੇ ਗਏ | ਇਸੇ ਦੌਰਾਨ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ |
