ਸੰਯੁਕਤ ਕਿਸਾਨ ਮੋਰਚੇ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਪੰਜਾਬ ‘ਚ ਚੋਣ ਪ੍ਰਚਾਰ ਨਾ ਕਰਨ ਦੀ ਅਪੀਲ ਕਰਦਿਆਂ ਕਿਹਾ ਅਜਿਹੀ ਚੋਣ ਮੁਹਿੰਮ ਆਪਣੇ-ਆਪ ‘ਚ ਕਿਸਾਨ ਵਿਰੋਧੀ ਹੁੰਦੀ ਹੈ | ਮੋਰਚੇ ਵਲੋਂ ਇਹ ਬਿਆਨ ਸ਼ੁੱਕਰਵਾਰ ਨੂੰ ਸਿੰਘੂ ਬਾਰਡਰ ‘ਤੇ ਪੰਜਾਬ ਦੀਆਂ 32 ਜਥੇਬੰਦੀਆਂ ਵਲੋਂ ਕੀਤੀ ਤਫਸੀਲੀ ਮੀਟਿੰਗਾਂ ਤੋਂ ਬਾਅਦ ਜਾਰੀ ਕੀਤਾ ਗਿਆ | ਸੰਯੁਕਤ ਕਿਸਾਨ ਮੋਰਚੇ ਨੇ ਵੀਰਵਾਰ ਨੂੰ ਮੋਗਾ ‘ਚ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਤੇ ਪੰਜਾਬ ਪੁਲਿਸ ਵਲੋਂ ਕੀਤੀ ਹਿੰਸਾ ਦੀ ਸਖਤ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਮੋਗਾ, ਮਾਛੀਵਾੜਾ ਅਤੇ ਮੱਤੇਵਾੜਾ ਸਮੇਤ ਜਿਹੜੀਆਂ ਥਾਵਾਂ ‘ਤੇ ਕਿਸਾਨਾਂ ਦੇ ਵਿਰੁੱਧ ਪਰਚੇ ਦਰਜ ਕੀਤੇ ਗਏ ਹਨ ਉਹ ਸਾਰੇ ਵਾਪਸ ਲਏ ਜਾਣ | ਸੰਯੁਕਤ ਕਿਸਾਨ ਮੋਰਚੇ ਨੇ 5 ਸਤੰਬਰ ਨੂੰ ਮੁਜ਼ੱਫਰਨਗਰ ਦੀ ਜੀ ਆਈ ਸੀ ਗਰਾਊਾਡ ਵਿਖੇ ਹੋ ਰਹੀ ਮਹਾਂਪੰਚਾਇਤ ਨੂੰ ਮਿਸ਼ਨ ਉੱਤਰ ਪ੍ਰਦੇਸ਼ ਦਾ ਨੀਂਹ ਪੱਥਰ ਕਰਾਰ ਦਿੰਦਿਆਂ ਕਿਹਾ ਕਿ ਇਸ ‘ਚ ਕਿਸਾਨਾਂ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਇਕੱਠ ਸ਼ਾਮਿਲ ਹੋਵੇਗਾ | ਮੋਰਚੇ ਮੁਤਾਬਿਕ 5 ਸਤੰਬਰ ਦੀ ਮਹਾਂਪੰਚਾਇਤ ਲਈ ਤਿਆਰੀਆਂ ਅੰਤਿਮ ਪੜਾਅ ‘ਤੇ ਹਨ | ਮਿਸ਼ਨ ਉਤਰ ਪ੍ਰਦੇਸ਼ ਦੇ ਸਾਂਝੇ ਕਿਸਾਨ ਮੋਰਚੇ ਦੇ ਉਦਘਾਟਨ ਵਜੋਂ ਕੀਤੀ ਜਾ ਰਹੀ ਇਸ ਮਹਾਂਪੰਚਾਇਤ ‘ਚ ਪੱਛਮੀ ਉੱਤਰ ਪ੍ਰਦੇਸ਼ ਤੋਂ ਇਲਾਵਾ ਉੱਤਰਾਖੰਡ, ਪੰਜਾਬ, ਹਰਿਆਣਾ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਹੋਰਾਂ ਹਿੱਸਿਆਂ ‘ਚੋਂ ਦਰਜਨਾ ਲਾਮਬੰਦੀ ਮੀਟਿੰਗਾਂ ਹੋਈਆਂ, ਇਸ ਮਹਾਂਪੰਚਾਇਤ ਲਈ ਸਥਾਨਕ ਪਿੰਡ ਲੰਗਰ ਸਮੇਤ ਹੋਰ ਸਭ ਤਰ੍ਹਾਂ ਦੀਆਂ ਤਿਆਰੀਆਂ ਕਰ ਰਹੇ ਹਨ | ਹਰਿਆਣਾ ਦੇ ਰੇਵਾੜੀ ਦੇ ਕਿਸਾਨਾਂ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ 5 ਸਤੰਬਰ ਨੂੰ ਰੇਵਾੜੀ ‘ਚ ਇਕ ਨਿਰਧਾਰਿਤ ਸਮਾਗਮ ‘ਚ ਆਉਣ ‘ਤੇ ਚਿਤਾਵਨੀ ਦਿੱਤੀ ਹੈ | ਉਨ੍ਹਾਂ ਕਿਹਾ ਕਿ ਕਿਸਾਨ ਕਾਲੇ ਝੰਡਿਆਂ ਨਾਲ ਉਨ੍ਹਾਂ ਖ਼ਿਲਾਫ਼ ਪ੍ਰਦਰਸ਼ਨ ਕਰਨਗੇ |

