ਸ੍ਰੀਨਗਰ ਸ਼ਹਿਰ ‘ਚ ਹੋਏ ਇਕ ਮੁਕਾਬਲੇ ਦੌਰਾਨ ਲਸ਼ਕਰ ਦੇ ਇਕ ਚੋਟੀ ਦੇ ਕਮਾਂਡਰ ਸਮੇਤ 2 ਪਾਕਿਸਤਾਨੀ ਅੱਤਵਾਦੀਆਂ ਨੂੰ ਮਾਰ ਦਿੱਤਾ, ਜਦਕਿ ਸੀ.ਆਰ.ਪੀ.ਐਫ. ਅਤੇ ਐਸ.ਓ.ਜੀ. (ਪੁਲਿਸ) ਦੇ 3 ਜਵਾਨ ਜ਼ਖ਼ਮੀ ਹੋ ਗਏ | ਕਸ਼ਮੀਰ ਰੇਂਜ ਦੇ ਆਈ.ਜੀ.ਪੀ. ਵਿਜੇ ਕੁਮਾਰ ਨੇ ਇਸ ਮੁਕਾਬਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀਨਗਰ ਦੇ ਡਲ ਗੇਟ ਦੇ ਬਿਸ਼ੰਬਰ ਨਗਰ ਇਲਾਕੇ ਦੇ ਇਕ ਮਕਾਨ ‘ਚ ਅੱਤਵਾਦੀਆ ਦੇ ਲੁਕੇ ਹੋਣ ਦੀ ਸੂਚਨਾ ਮਿਲਣ ‘ਤੇ ਪੁਲਿਸ ਦੇ ਐਸ.ਓ.ਜੀ. ਅਤੇ ਸੀ.ਆਰ.ਪੀ.ਐਫ. ਨੇ ਐਤਵਾਰ ਸਵੇਰੇ ਇਲਾਕੇ ਨੂੰ ਘੇਰ ਕੇ ਤਲਾਸ਼ੀ ਕਾਰਵਾਈ ਸ਼ੁਰੂ ਕਰ ਦਿੱਤੀ | ਇਸ ਦੌਰਾਨ ਜਦੋਂ ਸੁਰੱਖਿਆ ਬਲਾਂ ਦੇ ਜਵਾਨ ਉਸ ਮਕਾਨ ਵੱਲ ਵਧੇ ਜਿਥੇ ਅੱਤਵਾਦੀ ਲੁਕੇ ਹੋਏ ਸਨ ਤਾਂ ਉਨ੍ਹਾਂ ਸੁਰੱਖਿਆ ਬਲਾਂ ‘ਤੇ ਗ੍ਰਨੇਡ ਸੁੱਟ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਨਾਲ 2 ਜਵਾਨ ਜ਼ਖ਼ਮੀ ਹੋ ਗਏ | ਉਨ੍ਹਾਂ ਨੂੰ ਤੁਰੰਤ ਨੇੜੇ ਦੇ ਫੌਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ | ਸੁਰੱਖਿਆ ਬਲਾਂ ਦੀ ਜਵਾਬੀ ਕਾਰਵਾਈ ‘ਚ ਇਕ ਅੱਤਵਾਦੀ ਮਾਰਿਆ ਗਿਆ, ਜਦਕਿ ਦੂਜਾ ਅੱਤਵਾਦੀ ਮਕਾਨ ਅੰਦਰੋਂ ਫਾਇਰਿੰਗ ਕਰਦਾ ਰਿਹਾ ਅਤੇ ਇਕ ਘੰਟੇ ਦੀ ਦੁਪਾਸੜ ਗੋਲੀਬਾਰੀ ਬਾਅਦ ਉਹ ਮਾਰਿਆ ਗਿਆ | ਮੁਕਾਬਲੇ ਬਾਅਦ ਪੁਲਿਸ ਨੇ ਅੱਤਵਾਦੀਆਂ ਦੀਆਂ ਲਾਸ਼ਾਂ ਕੋਲੋਂ ਭਾਰੀ ਅਸਲ੍ਹਾ ਬਰਾਮਦ ਕੀਤਾ ਹੈ | ਇਨ੍ਹਾਂ ਅੱਤਵਾਦੀਆਂ ‘ਚੋਂ ਇਕ ਦੀ ਪਛਾਣ ਆਦਿਲ ਬਾਈ (ਪਾਕਿਸਤਾਨੀ) ਵਜੋਂ ਹੋਈ ਹੈ, ਜੋ ਕੇਂਦਰੀ ਕਸ਼ਮੀਰ ‘ਚ ਲਸ਼ਕਰ ਦਾ ਚੋਟੀ ਦਾ ਕਮਾਂਡਰ ਸੀ ਅਤੇ 4 ਅਪ੍ਰੈਲ ਨੂੰ ਸ੍ਰੀਨਗਰ ਦੇ ਮਾਈਸੂਮਾ ਇਲਾਕੇ ‘ਚ ਸੀ.ਆਰ.ਪੀ.ਐਫ. ਦੇ ਜਵਾਨ ਦੀ ਹੋਈ ਹੱਤਿਆ ‘ਚ ਸ਼ਾਮਿਲ ਸੀ | ਜਦਕਿ ਦੂਜਾ ਅੱਤਵਾਦੀ ਵੀ ਪਾਕਿਸਤਾਨ ਦਾ ਮੁਬਿਸ਼ਰ ਬਾਈ ਹੈ | ਆਈ.ਜੀ.ਪੀ. ਨੇ ਦੱਸਿਆ ਕਿ ਪਾਕਿ ਅੱਤਵਾਦੀਆਂ ਨੂੰ ਪਨਾਹ ਦੇਣ ਵਾਲੇ ਮਕਾਨ ਮਾਲਕ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ ਅਤੇ ਨਾਗਰਿਕਾਂ, ਸੁਰੱਖਿਆ ਕਰਮੀਆਂ, ਪੱਤਰਕਾਰਾਂ ‘ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ |
